ਹੈਦਰਾਬਾਦ: ਮਨੁੱਖਤਾ ਦੀ ਮਿਸਾਲ ਕਾਇਮ ਕਰਦਿਆਂ ਰਾਮੋਜੀ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਪਰਸਨ ਰਾਮੋਜੀ ਰਾਓ ਨੇ ਕੋਵਿਡ-19 ਮਹਾਂਮਾਰੀ ਨਾਲ ਲੜਨ ਲਈ 20 ਕਰੋੜ ਦੀ ਮਦਦ ਦਿੱਤੀ ਹੈ। ਰਾਮੋਜੀ ਗਰੁੱਪ ਵੱਲੋਂ ਤੇਲੰਗਾਨਾ ਸੂਬੇ ਨੂੰ 10 ਕਰੋੜ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ 10 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ।
ਰਾਮੋਜੀ ਰਾਓ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਦਾਨ ਕੀਤੀ ਰਾਸ਼ੀ ਸਬੰਧਤ ਖਾਤਿਆਂ ਵਿੱਚ ਆਨਲਾਈਨ ਜਮ੍ਹਾਂ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਕਾਰਨ ਉਹ ਮੁੱਖ ਮੰਤਰੀਆਂ ਨੂੰ ਨਿੱਜੀ ਤੌਰ 'ਤੇ ਨਹੀਂ ਮਿਲ ਸਕੇ। ਰਾਓ ਨੇ ਦੋਵਾਂ ਮੁੱਖ ਮੰਤਰੀਆਂ ਨੂੰ ਇਸ ਮਹਾਂਮਾਰੀ ਵਿਰੁੱਧ ਲੜਨ ਲਈ ਸ਼ੁਭਕਾਮਨਾ ਦਿੱਤੀ ਹੈ।
ਇਸ ਤੋਂ ਪਹਿਲਾਂ 24 ਮਾਰਚ ਨੂੰ ਰਾਮੋਜੀ ਰਾਓ ਨੇ ਸੀਨੀਅਰ ਪੱਤਰਕਾਰਾਂ ਦੇ ਸਮੂਹ ਦਾ ਹਿੱਸਾ ਬਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ। ਕੋਵਿਡ-19 ਵਿਰੁੱਧ ਜੰਗ ਵਿੱਚ ਰਾਓ ਨੇ ਕੁਝ ਕੀਮਤੀ ਸੁਝਾਅ ਪੇਸ਼ ਕੀਤੇ ਸਨ, ਜਿਸ ਪ੍ਰਤੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ।
ਰਾਮੋਜੀ ਨੇ ਰਾਸ਼ਟਰ ਦੀ ਸਿਹਤ ਸੰਭਾਲ ਪ੍ਰਣਾਲੀ 'ਤੇ ਬੋਝ ਘੱਟ ਕਰਨ ਲਈ ਪੇਂਡੂ ਭਾਰਤ ਨੂੰ "ਇੰਸੂਲੇਟ" ਕਰਨ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ। ਰਾਓ ਨੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ਦੇ ਫਾਰਮੇਸੀ ਉਦਯੋਗ ਦੀ ਸਹਾਇਤਾ ਲੈਣ ਅਤੇ ਇਟਲੀ ਅਤੇ ਚੀਨ ਵਰਗੇ ਦੇਸ਼ਾਂ ਦੇ ਤਜਰਬੇ ਤੋਂ ਸਬਕ ਲੈਣ - ਦੋ ਰਾਸ਼ਟਰ ਜੋ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।