ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦਿੱਲੀ ਦੇ ਪਾਲਮ ਏਅਰਪੋਰਟ ਤੋਂ 3 ਦਿਨਾਂ ਲਈ ਰੂਸ ਦੌਰੇ ਲਈ ਰਵਾਨਾ ਹੋ ਗਏ ਹਨ। ਜਾਣਕਾਰੀ ਮੁਤਾਬਕ ਰਾਜਨਾਥ ਸਿੰਘ ਦੇਰ ਸ਼ਾਮ ਲਗਭਗ 6-7 ਵਜੇ ਉਹ ਮਾਸਕੋ 'ਚ ਲੈਂਡ ਕਰਨਗੇ।
ਰਾਜਨਾਥ ਸਿੰਘ ਰੂਸ ਦੀ 75ਵੀਂ ਵਿਕਟਰੀ ਡੇਅ ਪਰੇਡ ਵਿੱਚ ਹਿੱਸਾ ਲੈਣਗੇ। ਦੱਸਣਯੋਗ ਹੈ ਕਿ ਰੂਸ ਦੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਨੂੰ ਇਸ ਪਰੇਡ ਲਈ ਸੱਦਾ ਦਿੱਤਾ ਹੈ। ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਤੋਂ ਬਾਅਦ ਰੱਖਿਆ ਮੰਤਰੀ ਦਾ ਇਹ ਦੌਰਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਕੋਰੋਨਾ ਵਾਇਰਸ ਲੌਕਡਾਊਨ ਤੋਂ ਬਾਅਦ ਰੱਖਿਆ ਮੰਤਰੀ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੋਵੇਗਾ। ਇਸ 3 ਦਿਨਾਂ ਦੌਰੇ ਵਿੱਚ ਰਾਜਨਾਥ ਸਿੰਘ ਆਪਣੇ ਰੂਸ ਦੇ ਹਮਰੁਤਬਾ ਸਰਗੇਈ ਸ਼ੋਯਗੂ ਨਾਲ ਵੀ ਮੁਲਾਕਾਤ ਕਰਨਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੀ ਰੂਸ ਯਾਤਰਾ ਦੌਰਾਨ ਕਿਸੇ ਚੀਨੀ ਆਗੂ ਨੂੰ ਨਹੀਂ ਮਿਲਣਗੇ। ਇਸ ਕੂਟਨੀਤੀ ਦੇ ਪਿੱਛੇ ਭਾਰਤ ਦੀ ਵੱਡੀ ਯੋਜਨਾ ਸ਼ਾਮਲ ਹੈ। ਕੌਮਾਂਤਰੀ ਸਟੇਜ 'ਤੇ ਚੀਨੀ ਨੇਤਾਵਾਂ ਨਾਲ ਮੁਲਾਕਾਤ ਨਾ ਕਰਕੇ ਭਾਰਤ-ਚੀਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ।