ਜੈਪੁਰ: ਮੰਗਲਵਾਰ ਨੂੰ ਰਾਜਸਥਾਨ ਹਾਈ ਕੋਰਟ ਵੱਲੋਂ ਸਚਿਨ ਪਾਇਲਟ ਤੇ ਹੋਰਨਾਂ ਬਾਗੀ ਵਿਧਾਇਕਾਂ ਨੂੰ ਫੌਰੀ ਰਾਹਤ ਦਿੰਦਿਆਂ 24 ਜੁਲਾਈ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ, ਜਿਸ ਤੋਂ ਬਾਅਦ ਬੁੱਧਵਾਰ ਨੂੰ ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕਰ ਕਿਹਾ ਕਿ ਅਦਾਲਤ ਸਪੀਕਰ ਦੇ ਆਦੇਸ਼ ਜਾਰੀ ਕਰਨ ਦੇ ਅਧਿਕਾਰ ‘ਤੇ ਰੋਕ ਨਹੀ ਲਗਾ ਸਕਦੀ।
ਮਾਮਲਾ ਸੁਪਰੀਮ ਕੋਰਟ ਜਾਣ ‘ਤੇ ਪਾਇਲਟ ਖੇਮੇ ਨੇ ਵੀ ਕੈਵਿਏਟ ਦਾਖਲ ਕਰ ਅਪੀਲ ਕੀਤੀ ਗਈ ਕਿ ਸਾਡਾ ਪੱਖ ਸੁਣੇ ਬਿਨ੍ਹਾਂ ਕੋਈ ਫੈਸਲਾ ਨਾ ਲਿਆ ਜਾਵੇ।
ਦੱਸ ਦਈਏ ਕਿ ਸਪੀਕਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕਰ ਕਿਹਾ ਹੈ ਕਿ 10ਵੀਂ ਅਨੁਸੂਚੀ ਤਹਿਤ ਸਪੀਕਰ ਵੱਲੋਂ ਨੋਟਿਸ ਜਾਰੀ ਕਰਨ ਤੇ ਅਦਾਲਤ ਦਖਲ ਨਹੀਂ ਦੇ ਸਕਦੀ। ਬੁੱਧਵਾਰ ਸਵੇਰੇ ਸੀ.ਪੀ. ਜੋਸ਼ੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਹਾਈਕੋਰਟ ‘ਚ ਜੋ ਹੋਇਆ ਉਹ ਸੁਪਰੀਮ ਕੋਰਟ ਦੇ ਸੰਵੀਧਾਨਿਕ ਬੈਂਚ ਦੇ ਹੁਕਮਾਂ ਦੀ ਉਲੰਘਣਾ ਹੈ।
ਮੁੱਖ ਮੰਤਰੀ ਦੇ ਭਰਾ ਦੇ ਘਰ ਈਡੀ ਦੀ ਛਾਪੇਮਾਰੀ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗਰਸੇਨ ਗਹਿਲੋਤ ਦੇ ਠਿਕਾਣਿਆਂ ‘ਤੇ ਕਥਿਤ ਖਾਦ ਘੁਟਾਲੇ ਨੂੰ ਲੈ ਕੇ ਬੁੱਧਵਾਰ ਨੂੰ ਈਡੀ ਨੇ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਖਾਦ ਦੀ ਆਮਦ ਨੂੰ ਲੈ ਕੇ ਕਥਿਤ ਘੁਟਾਲੇ ਦਾ ਮਾਮਲਾ ਹੈ। ਇਸ ਮਾਮਲੇ ਵਿਚ ਈਡੀ ਦੇਸ਼ ਭਰ ਵਿਚ ਛਾਪੇਮਾਰੀ ਕਰ ਰਹੀ ਹੈ। ਨਵੰਬਰ, 2017 ਵਿੱਚ, ਭਾਰਤੀ ਜਨਤਾ ਪਾਰਟੀ ਨੇ ਅਗਰਸੇਨ ਗਹਿਲੋਤ ਉੱਤੇ 2007 ਤੋਂ 2009 ਦੇ ਵਿੱਚ, ਸਬਸਿਡੀ ਵਾਲੀ ਖਾਦ ਬਰਾਮਦ ਕਰਨ ਦਾ ਦੋਸ਼ ਲਗਾਇਆ ਸੀ ਜਦੋਂ ਕੇਂਦਰ ਵਿੱਚ ਕਾਂਗਰਸ ਸੱਤਾ ਵਿੱਚ ਸੀ।
ਈਡੀ ਦੇ ਛਾਪਿਆਂ ਕਾਰਨ ਭੜਕੀ ਕਾਂਗਰਸ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਕਰਦਿਆਂ ਕਾਂਗਰਸ ਬੁਲਾਰੇ ਰਣਦੀਪ ਸੁਰਦੇਵਾਲਾ ਨੇ ਕਿਹਾ ਕਿ ਰਾਜਸਥਾਨ ਦੀ ਜਨਤਾ ਉਨ੍ਹਾਂ ਦੇ 'ਰੇਡਰਾਜ 'ਤੋਂ ਨਹੀਂ ਡਰਦੀ ਅਤੇ ਅਜਿਹੀ ਕਾਰਵਾਈ ਰਾਜ ਦੀ ਕਾਂਗਰਸ ਸਰਕਾਰ ਨੂੰ ਨਹੀਂ ਰੋਕ ਸਕਦੀ।