ਜੈਪੁਰ: ਬਸਪਾ ਪਾਰਟੀ ਵੱਲੋਂ ਹੁਣ ਬਸਪਾ ਵਿਧਾਇਕਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਵਿਰੁੱਧ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਬਸਪਾ ਦੇ ਕੌਮੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਵੱਲੋਂ ਦਾਇਰ ਕੀਤੀ ਗਈ ਇਹ ਪਟੀਸ਼ਨ ਮਦਨ ਦਿਲਾਵਰ ਦੀ ਪਟੀਸ਼ਨ ਦੇ ਨਾਲ ਦਰਜ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬਸਪਾ ਇਕ ਰਾਸ਼ਟਰੀ ਪੱਧਰੀ ਰਾਜਨੀਤਿਕ ਪਾਰਟੀ ਹੈ। ਇਸਦਾ ਕਾਂਗਰਸ ਨਾਲ ਰਲੇਵਾਂ ਨਹੀਂ ਹੋਇਆ ਹੈ। ਅਜਿਹੀ ਸਥਿਤੀ ਵਿੱਚ, ਜੇ ਬਸਪਾ ਦੇ ਸਿਰਫ ਵਿਧਾਇਕ ਹੀ ਕਾਂਗਰਸ ਵਿੱਚ ਜਾਂਦੇ ਹਨ, ਤਾਂ ਇਸ ਨੂੰ ਅਪਵਾਦ ਨਹੀਂ ਮੰਨਿਆ ਜਾ ਸਕਦਾ। ਇਸ ਲਈ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਖਿਲਾਫ ਦਲਬਦਲ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਨਾਲ ਹੀ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰੀ ਪੱਧਰ ਦੀ ਰਾਜਨੀਤਿਕ ਪਾਰਟੀ ਦਾ ਦੂਜੀ ਧਿਰ ਨਾਲ ਰਲੇਵਾਂ ਕੌਮੀ ਪੱਧਰ 'ਤੇ ਹੀ ਹੋਣਾ ਚਾਹੀਦਾ ਹੈ, ਪਰ ਇਸ ਮਾਮਲੇ ਵਿਚ ਸਪੀਕਰ ਨੇ ਬਸਪਾ ਦੇ 6 ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ਪੂਰੀ ਪਾਰਟੀ ਦਾ ਹੀ ਰਲੇਵਾਂ ਮੰਨ ਲਿਆ।
ਪਟੀਸ਼ਨ ਵਿਚ ਅਪੀਲ ਕੀਤੀ ਗਈ ਹੈ ਕਿ ਸਪੀਕਰ ਦੇ ਸਤੰਬਰ 2019 ਦੇ ਹੁਕਮ ਵਿਚ ਬਸਪਾ ਦੇ ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਦਾ ਹੁਕਮ ਵਾਪਸ ਲਿਆ ਜਾਵੇ ਅਤੇ ਸਾਰੇ 6 ਵਿਧਾਇਕਾਂ ਖ਼ਿਲਾਫ਼ ਦਲਬਦਲ ਕਾਰਵਾਈ ਕੀਤੀ ਜਾਵੇ।
ਗਵਰਨਰ ਨੇ ਰੱਦ ਕੀਤਾ 15 ਅਗਸਤ ਦਾ ਪ੍ਰੋਗਰਾਮ
ਉਧਰ ਵਿਧਾਨ ਸਭਾ ਸੈਸ਼ਨ ਸੱਦੇ ਜਾਣ ਦੀ ਲੜਾਈ ਦੇ ਵਿਚਕਾਰ, ਰਾਜਪਾਲ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ 15 ਅਗਸਤ ਦੇ ਸਮਾਰੋਹ ਨੂੰ ਰੱਦ ਕਰ ਦਿੱਤਾ। ਰਾਜਸਥਾਨ ਦੇ ਰਾਜਪਾਲ ਨੇ ਕਿਹਾ ਕਿ ਰਾਜ ਵਿੱਚ ਕੋਰੋਨਾ ਨੂੰ ਰੋਕਣ ਲਈ ਗੰਭੀਰ ਉਪਰਾਲੇ ਕਰਨੇ ਪੈਣਗੇ, ਤਾਂ ਹੀ ਰਾਜ ਇਸ ਗਲੋਬਲ ਮਹਾਂਮਾਰੀ ਦੇ ਸੰਕਟ ਤੋਂ ਬਚ ਸਕਦਾ ਹੈ।