ਨਵੀਂ ਦਿੱਲੀ: ਫਰਾਂਸ ਤੋਂ ਭਾਰਤ ਆ ਰਹੇ 5 ਰਾਫੇਲ ਲੜਾਕੂ ਜਹਾਜ਼ ਅੱਜ ਯਾਨੀ ਕਿ ਬੁੱਧਵਾਰ ਨੂੰ ਅੰਬਾਲਾ ਏਅਰਬੇਸ ਉੱਤੇ ਪਹੁੰਚਣਗੇ। ਇਸ ਦੌਰਾਨ ਅੰਬਾਲਾ ਏਅਰਬੇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਭਾਰਤੀ ਫੌਜ ਨੇ ਰਾਫੇਲ ਦੇ ਸਵਾਗਤ ਦੀ ਪੂਰੀ ਤਿਆਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਫੇਲ ਸਕੁਆਰਡਰ ਦੇ ਪਹਿਲੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਹੋਣਗੇ। ਹਰਕੀਰਤ ਸਿੰਘ ਉਨ੍ਹਾਂ ਪਾਇਲਟਾਂ ਵਿੱਚ ਸ਼ਾਮਲ ਹਨ ਜੋ ਫਰਾਂਸ ਤੋਂ ਰਾਫ਼ੇਲ ਨੂੰ ਉਡਾ ਕੇ ਭਾਰਤ ਲੈ ਕੇ ਆ ਰਹੇ ਹਨ।
ਰਾਫੇਲ ਲਈ ਹੁਣ ਤੱਕ ਕੁੱਲ 15 ਤੋਂ 17 ਪਾਇਲਟ ਪੂਰੀ ਤਰ੍ਹਾਂ ਟਰੇਂਡ ਹੋ ਚੁੱਕੇ ਹਨ। ਇਹ ਵੀ ਦਸਿਆ ਜਾ ਰਿਹਾ ਹੈ ਕਿ ਅੰਬਾਲਾ ਪਹੁੰਚਣ ਦੇ ਹਫ਼ਤੇ ਭਰ ਵਿੱਚ ਰਾਫੇਲ ਅਪਰੇਸ਼ਨ ਲਈ ਤੈਨਾਤ ਕੀਤੇ ਜਾ ਸਕਦੇ ਹਨ। 17 ਸਕੁਆਰਡਨ ਦੇ 18 ਫਾਈਟਰ ਲਈ 30 ਦੇ ਕਰੀਬ ਪਾਇਲਟ ਤੈਨਾਤ ਹੋਣਗੇ।
ਇਸ ਤੋਂ ਪਹਿਲਾਂ ਹਰਕੀਰਤ ਸਿੰਘ ਮਿਗ ਤੇ ਸੁਖੋਈ ਵੀ ਉਡਾ ਚੁੱਕੇ ਹਨ। ਸਾਲ 2009 ਵਿੱਚ ਗਰੁੱਪ ਕੈਪਟਨ ਹਰਕੀਰਤ ਸਿੰਘ ਨੂੰ ਬਾਹਦਰੀ ਵਜੋਂ ਸ਼ੋਰਿਆ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਹਰਕੀਰਤ ਸਿੰਘ ਨੇ ਮਿਗ 21 ਦੇ ਇੰਜਣ ਵਿੱਚ ਹੋਈ ਖ਼ਰਾਬੀ ਦੇ ਕਾਰਨ ਬੜੀ ਬਹਾਦਰੀ ਨਾਲ ਨਾ ਸਿਰਫ਼ ਆਪਣੇ ਆਪ ਨੂੰ ਬਚਾਇਆ ਬਲਕਿ ਮਿਗ 21 ਦਾ ਵੀ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਕੀਤਾ।
ਦੱਸ ਦੇਈਏ ਕਿ ਇਨ੍ਹਾਂ ਰਾਫੇਲ ਲੜਾਕੂ ਜਹਾਜ਼ਾਂ ਨੂੰ 15 ਅਗਸਤ ਤੋਂ ਬਾਅਦ ਹੀ ਰਸਮੀ ਤੌਰ ਉੱਤੇ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਮੌਸਮ ਖਰਾਬ ਹੋਣ ਦੀ ਸੂਰਤ 'ਚ ਜੋਧਪੁਰ ਏਅਰਬੇਸ 'ਤੇ ਉਤਰ ਸਕਦਾ ਹੈ ਰਾਫੇਲ