ਨਵੀਂ ਦਿੱਲੀ: ਪਿਛਲੇ ਦਿਨੀਂ ਪੰਜਾਬ ਵਿੱਚ ਯੂਥ ਕਾਂਗਰਸ ਦੇ ਪ੍ਰਧਾਨ ਦੀਆਂ ਚੋਣਾਂ ਹੋਈਆਂ। ਚੋਣਾਂ ਦੇ ਨਤੀਜੇ ਵੀ ਆ ਗਏ ਅਤੇ ਨਤੀਜਿਆਂ ਤੋਂ ਬਾਅਦ ਹਾਰੇ ਹੋਏ ਉਮੀਦਵਾਰ ਜਸਵਿੰਦਰ ਸਿੰਘ ਜੱਸੀ ਪਾਰਟੀ ਦੇ ਦਿੱਲੀ ਦਫ਼ਤਰ ਵਿੱਚ ਆਪਣੇ ਸਮਰਥਕਾਂ ਸਮੇਤ ਧਰਨਾ ਦੇਣ ਪਹੁੰਚ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਅਤੇ ਨਤੀਜਿਆਂ ਵਿੱਚ ਗੜਬੜੀ ਹੋਈ ਹੈ।
ਉਮੀਦਵਾਰ ਜਸਵਿੰਦਰ ਜੱਸੀ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਪਾਰਟੀ ਦੇ ਅੰਦਰੂਨੀ ਕਾਨੂੰਨ ਮੁਤਾਬਕ 35 ਸਾਲ ਤੋਂ ਉੱਪਰ ਦਾ ਆਗੂ ਯੂਥ ਕਾਂਗਰਸ ਦੀਆਂ ਚੋਣਾਂ ਨਹੀਂ ਲੜ ਸਕਦਾ ਪਰ ਬਰਿੰਦਰ ਢਿੱਲੋਂ ਨੂੰ ਚੋਣ ਲੜਾਉਣ ਲਈ ਇਹ ਉਮਰ ਸੈਂਤੀ ਸਾਲ ਕੀਤੀ ਗਈ। ਪਾਰਟੀ ਵਿੱਚ ਅਨੁਸ਼ਾਸਨਹੀਣਤਾ ਕਰਕੇ ਉਨ੍ਹਾਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ ਅਤੇ ਕਾਨੂੰਨ ਮੁਤਾਬਕ ਅਜਿਹਾ ਆਗੂ ਚੋਣ ਨਹੀਂ ਲੜ ਸਕਦਾ ਪਰ ਫਿਰ ਵੀ ਢਿੱਲੋਂ ਨੂੰ ਚੋਣ ਲੜਨ ਦਿੱਤੀ ਗਈ।
ਇਹ ਵੀ ਪੜ੍ਹੋ: LIVE UPDATES: ਭਾਰਤ ਬੰਦ ਦਾ ਅਸਰ, ਪੰਜਾਬ ਦੇ ਕਈ ਹਿੱਸਿਆ 'ਚ ਰੋਕੀਆਂ ਰੇਲ ਗੱਡੀਆਂ
ਧਰਨਾ ਦੇ ਰਹੇ ਆਗੂਆਂ ਨੇ ਦੋਸ਼ ਲਗਾਇਆ ਕਿ ਬਰਿੰਦਰ ਢਿੱਲੋਂ ਟੀ ਵੀ ਡਿਬੇਟ ਵਿੱਚ ਗਏ ਅਤੇ ਕੈਬਨਿਟ ਮੰਤਰੀ ਨੇ ਉਨ੍ਹਾਂ ਦੇ ਹੱਕ ਵਿੱਚ ਅਖ਼ਬਾਰਾਂ ਵਿੱਚ ਵੀ ਪ੍ਰਚਾਰ ਕੀਤਾ ਜੋ ਕਿ ਚੋਣ ਨਿਯਮਾਂ ਦੇ ਸਖ਼ਤ ਖ਼ਿਲਾਫ਼ ਹੈ। ਪਾਰਟੀ ਦੇ ਅੰਦਰੂਨੀ ਕਾਨੂੰਨ ਮੁਤਾਬਕ ਇਹ ਸਭ ਜਾਇਜ਼ ਨਹੀਂ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਇਸ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਦੱਸ ਦਈਏ ਕਿ ਦਿੱਲੀ ਵਿਖੇ ਯੂਥ ਕਾਂਗਰਸ ਦੇ ਦਫ਼ਤਰ ਵਿੱਚ ਇਹ ਧਰਨਾ ਕਈ ਦਿਨਾਂ ਤੋਂ ਜਾਰੀ ਹੈ ਅਤੇ ਵੀਰਵਾਰ ਨੂੰ ਪਾਰਟੀ ਦੇ ਦਿੱਲੀ ਅਕਬਰ ਰੋਡ ਸਥਿਤ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ।