ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮੁਲਕ ਭਰ 'ਚ ਪ੍ਰਦਰਸ਼ਨ ਜਾਰੀ ਹਨ। ਨਾਗਰਿਕਤਾ ਸੋਧ ਐਕਟ ਵਿਰੁੱਧ ਦਿੱਲੀ ਦੇ ਦਰੀਆਗੰਜ ਵਿੱਚ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਵੇਂ ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਦਰਸ਼ਨਾਂ ਦੌਰਾਨ ਦਿੱਲੀ ਦੇ ਕਈ ਖੇਤਰ ਹਿੰਸਾ ਤੋਂ ਪ੍ਰਭਾਵਤ ਹੋਏ ਸਨ।
ਉਤਰ ਪ੍ਰਦੇਸ਼ ਦੇ ਕਈ ਖੇਤਰਾਂ 'ਚ ਹਲੇ ਵੀ ਹਿੰਸਾ ਜਾਰੀ ਹੈ। ਰਾਮਪੁਰ ਵਿੱਚ ਸੀਏਏ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪੱਥਰ ਸੁੱਟੇ, ਜਿਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਸੁਲਤਾਨਪੁਰ ਜ਼ਿਲੇ ਵਿੱਚ ਵੀ ਕਾਂਗਰਸੀ ਨੇਤਾ ਐਮ.ਓ. ਜ਼ਫਰ ਨੇ ਸੁਰੱਖਿਆ ਪ੍ਰਣਾਲੀ ਦੇ ਦੌਰਾਨ ਰਾਜਨੀਤੀ ਕਰਨੀ ਸ਼ੁਰੂ ਕੀਤੀ।
ਇਸ ਦੌਰਾਨ ਕਾਂਗਰਸੀ ਨੇਤਾ ਨੇ ਪੁਲਿਸ ਵਾਲਿਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ। ਕਾਂਗਰਸ ਨੇਤਾ ਜ਼ਫਰ ਬਚ ਨਿਕਲਿਆ ਅਤੇ ਆਪਣੇ ਆਪ ਨੂੰ ਬਚਾ ਲਿਆ। ਹਾਲਾਕਿ ਕੁੱਝ ਇਲਾਕਿਆਂ 'ਚ ਪੁਲਿਸ ਨੇ ਕਾਬੂ ਪਾ ਲਿਆ ਹੈ।
ਆਈਜੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ 10 ਦਸੰਬਰ ਤੋਂ ਲੈ ਕੇ ਹੁਣ ਤੱਕ 705 ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ ਲਗਭਗ 4500 ਲੋਕਾਂ ਨੂੰ ਰੋਕਥਾਮੀ ਗ੍ਰਿਫਤਾਰੀ ਤੋਂ ਬਾਅਦ ਰਿਹਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 15 ਲੋਕਾਂ ਦੀ ਮੌਤ ਹੋਈ ਹੈ ਅਤੇ 263 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ ਜਿਨ੍ਹਾਂ ਵਿਚੋਂ 57 ਜਵਾਨਾਂ ਨੂੰ ਅੱਗ ਕਾਰਨ ਸੱਟਾਂ ਲੱਗੀਆਂ ਹਨ।
ਉਤਰ ਪ੍ਰਦੇਸ਼ 'ਚ ਮੇਰਠ ਰੇਂਜ ਦੇ ਆਈਜੀ ਅਲੋਕ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਘਟਨਾ ਤੋਂ ਬਾਅਦ ਸ਼ਨੀਵਾਰ ਨੂੰ ਹਾਲਾਤ ਕਾਬੂ ਹੇਠ ਹਨ ਤੇ ਲਗਭਗ 102 ਲੋਕਾਂ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਮਹਾਰਾਸ਼ਟਰ ਵਿੱਚ ਵੀ 20 ਵਿਅਕਤੀਆਂ ਨੂੰ ਹਿੰਸਾ ਦੌਰਾਨ ਹਿਰਾਸਤ ਵਿੱਚ ਲਿਆ ਤੇ 300 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੂੰ ਵੀਡੀਓ ਅਤੇ ਫੋਟੋਆਂ ਨਾਲ ਚਿੰਨ੍ਹਿਤ ਕੀਤਾ ਜਾ ਰਿਹਾ ਹੈ। ਹੁਣ ਪੂਰੀ ਮੇਰਠ ਰੇਂਜ ਵਿੱਚ ਸ਼ਾਂਤੀ ਹੈ ਅਤੇ ਸਾਜ਼ਿਸ਼ ਰਚਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ, ਦਿੱਲੀ ਦੇ ਕਈ ਖੇਤਰਾਂ ਵਿੱਚ ਸਥਿਤੀ ਹੌਲੀ ਹੌਲੀ ਸਧਾਰਣ ਹੁੰਦੀ ਜਾ ਰਹੀ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਰਾਣੀ ਦਿੱਲੀ ਅਤੇ ਸੀਮਾਪੁਰੀ ਵਿੱਚ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ।
ਪੁਰਾਨੀ ਦਿੱਲੀ ਦੇ ਦਰਿਆਗੰਜ ਅਤੇ ਉੱਤਰ ਪੂਰਬੀ ਦਿੱਲੀ ਦੇ ਸੀਮਾਪੁਰੀ ਵਿੱਚ ਸ਼ੁੱਕਰਵਾਰ ਨੂੰ ਪੱਥਰਬਾਜ਼ੀ ਅਤੇ ਹਿੰਸਾ ਦੀਆਂ ਘਟਨਾਵਾਂ ਵੇਖੀਆਂ ਗਈਆਂ ਸਨ। ਸ਼ੁੱਕਰਵਾਰ ਨੂੰ ਰਾਜਧਾਨੀ ਦਿੱਲੀ ਦੀ ਜਾਮਾ ਮਸਜਿਦ 'ਚ ਵੱਡੀ ਗਿਣਤੀ 'ਚ ਭੀੜ ਉਮੜੀ ਸੀ ਤੇ ਦਿੱਲੀ ਗੇਟ ਵਿਖੇ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ।