ਨਵੀਂ ਦਿੱਲੀ: ਈ-ਸਿਗਰੇਟ 'ਤੇ ਪਾਬੰਦੀ ਲਗਾਉਣ ਸਬੰਧੀ ਬਿੱਲ ਬੁੱਧਵਾਰ ਨੂੰ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ। ਲੋਕ ਸਭਾ 'ਚ ਅੱਜ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਬਿੱਲ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਇਸ ਬਿੱਲ ਨੂੰ ਸਮਰਥਨ ਦੇਣ ਲਈ ਸਦਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਡਾ. ਹਰਸ਼ਵਰਧਨ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਦੇਸ਼ 'ਚ ਨੌਜਵਾਨ ਪੀੜ੍ਹੀ ਨੂੰ ਈ-ਸਿਗਰੇਟ ਵਰਗੇ ਨਸ਼ੇ ਦੀ ਲਪੇਟ 'ਚ ਆਉਣ ਤੋਂ ਰੋਕਿਆ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਈ-ਸਿਗਰੇਟ ਨਾਲ ਕਈ ਤਰ੍ਹਾਂ ਦੇ ਜ਼ਹਿਰੀਲੀ ਪਦਾਰਥ ਨਿਕਲਦੇ ਹਨ, ਜਿਸ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ ਅਤੇ ਇਸ ਦਾ ਜ਼ਹਿਰ ਅਚਾਨਕ ਸਰੀਰ ਦੇ ਕਿਸੇ ਵੀ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਕ ਸਾਲ ਤਕ ਦੀ ਜੇਲ ਅਤੇ ਇਕ ਲੱਖ ਰੁਪਏ ਦੇ ਜ਼ੁਰਮਾਨੇ ਜਾਂ ਦੋਵੇਂ ਸਜ਼ਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਈ-ਹੁੱਕਾ, ਹੀਟ ਨੋਟ ਬਰਨ ਉਤਪਾਦ ਆਦਿ ਵਸਤਾਂ 'ਤੇ ਵੀ ਇਸੇ ਬਿੱਲ ਦੇ ਅਧੀਨ ਰੋਕ ਲਗਾਈ ਗਈ ਹੈ। ਇਹ ਬਿਲ ਇਲੈਕਟ੍ਰੋਨਿਕ ਸਿਗਰੇਟ ਦੇ ਉਤਪਾਦਨ, ਨਿਰਮਾਣ, ਦਰਾਮਦ, ਬਰਾਮਦ, ਆਵਾਜਾਈ, ਵਿਕਰੀ ਅਤੇ ਵੰਡ 'ਤੇ ਪਾਬੰਦੀ ਲਗਾਉਣ ਲਈ ਹੈ।