ਚੰਡੀਗੜ੍ਹ: ਪੰਜਾਬ ਵਿੱਚ ਕਿਸਾਨਾਂ ਵੱਲੋਂ ਚਲਾਏ 'ਰੇਲ ਰੋਕੋ' ਅੰਦੋਲਨ ਅਤੇ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੇ ਪੰਜਾਬ ਵਿੱਚ ਆਉਣ ਉੱਤੇ ਲਗਾਈ ਰੋਕ ਕਾਰਨ ਕਈ ਹਫ਼ਤਿਆਂ ਤੋਂ ਕੋਲੇ ਦੀ ਸਪਲਾਈ ਬੰਦ ਹੈ, ਜਿਸ ਕਾਰਨ ਸੂਬੇ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਸੂਬੇ ਵਿੱਚ ਨਿੱਜੀ ਕੰਪਨੀਆਂ ਵੱਲੋਂ ਚਲਾਏ ਜਾ ਰਹੇ ਪਾਵਰ ਪਲਾਂਟਾਂ ਵਿੱਚ ਕੋਲਾ ਭੰਡਾਰ ਖ਼ਤਮ ਹੋਣ ਲੱਗਿਆ ਹੈ।
ਕੋਲੇ ਦੀ ਕਮੀ ਕਾਰਨ ਪ੍ਰਾਈਵੇਟ ਖੇਤਰ ਦਾ ਤਲਵੰਡੀ ਸਾਬੋ ਪਾਵਰ ਪਲਾਂਟ ਬੰਦ ਹੋ ਗਿਆ ਹੈ ਤੇ ਨਾਭਾ ਪਾਵਰ ਲਿਮਟਿਡ ਦੇ ਵੀਰਵਾਰ ਤੱਕ ਬੰਦ ਹੋਣ ਦੀ ਸੰਭਾਵਨਾ ਹੈ ਅਤੇ ਗੋਇੰਦਵਾਲ ਸਾਹਿਬ ਵਿਖੇ ਜੀਵੀਕੇ ਦਾ 540 ਮੈਗਾਵਾਟ ਦੇ ਬਿਜਲੀ ਪਲਾਂਟ ਵਿੱਚ ਵੀ ਸਿਰਫ ਦੋ ਦਿਨਾਂ ਦਾ ਕੋਲਾ ਭੰਡਾਰ ਬਾਕੀ ਰਹਿ ਗਿਆ ਹੈ। ਰਾਜਪੁਰਾ ਥਰਮਲ ਦੀ ਆਖ਼ਰੀ ਯੂਨਿਟ ਵੀ ਬੰਦ ਹੋ ਗਈ ਹੈ।
ਇਸੇ ਦੇ ਚੱਲਦਿਆਂ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਬਿਜਲੀ ਖ਼ਰੀਦਣ ਦੀ ਤਾਕ ਵਿੱਚ ਹੈ। ਸੂਤਰਾਂ ਮੁਤਾਬਿਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਕੋਲੇ ਦੀਆਂ 700 ਰੈਕਾਂ ਨੂੰ ਪੰਜਾਬ ਲਿਜਾਏ ਜਾਣ ਦੀ ਉਡੀਕ ਕੀਤੀ ਜਾ ਰਹੀ ਹੈ।
ਪੀਐਸਪੀਸੀਐਲ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਕੋਲ ਕੇਂਦਰੀ ਗਰਿੱਡ ਤੋਂ ਬਿਜਲੀ ਖ਼ਰੀਦਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਇਸ ਤੋਂ ਇਲਾਵਾ, ਅਸੀਂ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਨਿਰਧਾਰਿਤ ਖ਼ਰਚਿਆਂ ਦਾ ਭੁਗਤਾਨ ਕਰ ਰਹੇ ਹਾਂ ਭਾਵੇਂ ਉਨ੍ਹਾਂ ਨੇ ਉਤਪਾਦਨ ਬੰਦ ਕਰ ਦਿੱਤਾ ਹੈ।
29 ਅਕਤੂਬਰ ਤੱਕ ਸੰਘਰਸ਼ ਦੇ ਜਾਰੀ ਰਹਿਣ ਕਾਰਨ ਅਤੇ ਰੇਲਵੇ ਵੱਲੋਂ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਰੱਦ ਕਰਨ ਤੋਂ ਬਾਅਦ ਇਹ ਸੰਕਟ ਹੋਰ ਗਹਿਰਾ ਹੋ ਗਿਆ ਹੈ। ਸਰਕਾਰੀ ਮਾਲਕੀਅਤ ਰੂਪਨਗਰ ਅਤੇ ਲਹਿਰਾ ਥਰਮਲ ਪਲਾਂਟ ਵਿੱਚ ਸਿਰਫ਼ ਪੰਜ ਦਿਨਾਂ ਦਾ ਸਟਾਕ ਬਚਿਆ ਹੈ। ਫ਼ਿਲਹਾਲ ਇਸ ਵੇਲੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਕੋਲੇ ਦਾ ਸਟਾਕ ਹੋਣਾ ਜ਼ਰੂਰੀ ਹੈ। ਬਿਜਲੀ ਦੀ 1100 ਲੱਖ ਯੂਨਿਟ ਦੀ ਮੰਗ ਦੇ ਉਲਟ, ਪੀਐਸਪੀਸੀਐਲ ਵੱਲੋਂ ਲਗਭਗ 200 ਲੱਖ ਯੂਨਿਟ ਹੀ ਰਾਸ਼ਟਰੀ ਗਰਿੱਡ ਤੋਂ ਖ਼ਰੀਦੇ ਗਏ ਸਨ।
ਇੱਕ ਸੀਨੀਅਰ ਬਿਜਲੀ ਅਧਿਕਾਰੀ ਨੇ ਕਿਹਾ ਕਿ ਤਾਲਾਬੰਦੀ ਤੋਂ ਬਾਅਦ ਉਦਯੋਗ ਵੀ ਸ਼ੁਰੂ ਹੋ ਗਏ ਹਨ ਜਿਸ ਕਾਰਨ ਬਿਜਲੀ ਸੰਕਟ ਰਾਜ ਦੀ ਆਰਥਿਤਾ ਨੂੰ ਵੱਡੀ ਢਾਹ ਲੱਗ ਸਕਦੀ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ ਬੰਦ ਹੋਣ ਕਾਰਨ ਪਾਵਰਕਾਮ ਵੱਲੋਂ ਗੁਪਤੀ ਰੂਪ ਵਿੱਚ ਬਿਜਲੀ ਦੇ ਕੱਟ ਲਗਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਚੱਲਦਿਆਂ ਪੰਜਾਬ ਦੇ ਲੋਕਾਂ ਨੂੰ ਲੰਬੇ 'ਬਿਜਲੀ ਕੱਟਾਂ' ਦਾ ਸਾਹਮਣਾ ਕਰਨਾ ਪੈ ਸਕਦਾ ਹੈ।