ਨਵੀਂ ਦਿੱਲੀ: ਕਲਰਜ਼ ਟੀ.ਵੀ. ਚੈਨਲ ’ਤੇ ਪ੍ਰਸਾਰਿਤ ਹੁੰਦੇ ਧਾਰਮਿਕ ਸੀਰੀਅਲ 'ਰਾਮ ਸੀਆ ਕੇ ਲਵ ਕੁਸ਼' ਵਿੱਚ ਮਹਾਂਰਿਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਬਾਰੇ ਵਿੱਚ ਗਲਤ ਦਿਖਾਇਆ ਗਿਆ ਹੈ, ਜਿਸ ਤੋਂ ਬਾਅਦ ਵਾਲਮੀਕਿ ਸਮਾਜ ਵੱਲੋਂ ਲਗਾਤਾਰ ਇਸ ਟੀਵੀ ਸ਼ੋਅ ਨੂੰ ਬੰਦ ਕਰਵਾਉਣ ਲਈ ਰੋਸ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈਕੇ ਪੰਜਾਬ ਸੂਬਾ ਸਕਤੱਰ ਤਰੁਣ ਚੁੱਘ ਦੀ ਅਗਵਾਈ 'ਚ ਗਏ ਵਫ਼ਦ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨਾਲ ਮੁਲਾਕਾਤ ਕੀਤੀ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨਾਲ ਮੁਲਾਕਾਤ 'ਚ ਤਰੁਣ ਚੁੱਘ ਨੇ ਉਨ੍ਹਾਂ ਤੋਂ ਇਸ ਟੀਵੀ ਸ਼ੋਅ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਹੈ। ਇਸ ਵਫ਼ਦ ਦੀ ਮੰਗ ਨੂੰ ਪੂਰਾ ਕਰਦੇ ਹੋਏ ਪ੍ਰਕਾਸ਼ ਜਾਵੇਡਕਰ ਨੇ 24 ਘੰਟਿਆ 'ਚ ਇਸ ਮਾਮਲੇ 'ਚ ਵਿਭਾਗ ਨੂੰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਵਫ਼ਦ ਦੀ ਅਗਵਾਈ ਕਰ ਰਹੇ ਤਰੁਣ ਚੁੱਘ ਨਾਲ ਸਾਂਸਦ ਹੰਸ ਰਾਜ ਹੰਸ, ਮਨੋਜ ਤਿਵਾੜੀ, ਗੌਤਮ ਗੰਭੀਰ ਮੌਜੂਦ ਸਨ।
ਦੱਸਣਯੋਗ ਹੈ ਕਿ ਪਿਛਲੇ ਸਨਿੱਚਰਵਾਰ ਨੂੰ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਇਸ ਸ਼ੋਅ ਨੂੰ ਬੰਦ ਕਰਵਾਉਣ ਲਈ ਬੰਦ ਦਾ ਸੱਦਾ ਦਿੱਤਾ ਸੀ, ਜਿਸ 'ਚ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਲਗਾਤਾਰ ਰੋਸ ਪ੍ਰਦਸ਼ਨ ਕੀਤਾ ਜਾ ਰਿਹਾ ਸੀ। ਪੰਜਾਬ 'ਚ ਸ਼ਾਤੀ ਦਾ ਮਾਹੌਲ ਕਾਇਮ ਰੱਖਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਰ 'ਚ ਇਸ ਟੀਵੀ ਸ਼ੋਅ 'ਤੇ ਰੋਕ ਲਗਾ ਦਿੱਤੀ ਸੀ।