ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਦੇ ਦੌਰੇ ਉੱਤੇ ਹਨ। ਇਸ ਕਾਨਫਰੰਸ ਦਾ ਵਿਸ਼ਾ ਇਸ ਵਾਰ ‘ਇਨੋਵੇਟਿਵ ਭਵਿੱਖ ਲਈ ਆਰਥਿਕ ਵਿਕਾਸ’ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੋਦੀ ਛੇਵੀਂ ਵਾਰ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ 2014 ਵਿੱਚ ਬ੍ਰਾਜ਼ੀਲ ਦੇ ਫੋਰਟਾਲੇਜ਼ਾ ਵਿੱਚ ਸਿਖ਼ਰ ਸੰਮੇਲਨ ਵਿੱਚ ਭਾਗ ਲਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਦੁਪਹਿਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਸੀਲਿਯਾ ਲਈ ਰਵਾਨਾ ਹੋ ਚੁੱਕੇ ਹਨ। ਭਾਰਤ ਤੋਂ ਸਨਅਤਕਾਰਾਂ ਦਾ ਇੱਕ ਵੱਡਾ ਵਫ਼ਦ ਵੀ ਇਸ ਦੌਰੇ ‘ਤੇ ਮੌਜੂਦ ਰਹੇਗਾ। ਇਹ ਪ੍ਰਤੀਨਿਧੀ ਮੰਡਲ ਬ੍ਰਿਕਸ ਬਿਜ਼ਨਸ ਫੋਰਮ ਵਿੱਚ ਵਿਸ਼ੇਸ਼ ਤੌਰ 'ਤੇ ਹਿੱਸਾ ਲਵੇਗਾ, ਜਿੱਥੇ ਸਾਰੇ 5 ਦੇਸ਼ਾਂ ਦੇ ਵਪਾਰਕ ਭਾਈਚਾਰਾ ਮੌਜੂਦ ਰਹੇਗਾ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੱਖ-ਵੱਖ ਦੁਵੱਲੀ ਗੱਲਬਾਤ ਵੀ ਕਰਨਗੇ। ਪੀਐਮ ਮੋਦੀ ਬ੍ਰਿਕਸ ਬਿਜ਼ਨਸ ਫੋਰਮ ਦੇ ਮੁੱਖ ਸੈਸ਼ਨ ਅਤੇ ਸਮਾਪਤੀ ਸਮਾਰੋਹ ਵਿੱਚ ਵੀ ਸ਼ਿਰਕਤ ਕਰਨਗੇ। ਸੰਮੇਲਨ ਵਿੱਚ ਆਧੁਨਿਕ ਵਿਸ਼ਵ ਵਿਚ ਰਾਸ਼ਟਰੀ ਪ੍ਰਭੂਸੱਤਾ ਲਈ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਚਾਰ ਵਟਾਂਦਰੇ ਦੀ ਉਮੀਦ ਕੀਤੀ ਜਾ ਰਹੀ ਹੈ।
![pm modi to leave for brazil due to BRICS conference](https://etvbharatimages.akamaized.net/etvbharat/prod-images/5045842_tweet.jpg)
ਇਸ ਤੋਂ ਬਾਅਦ ਸਾਰੇ ਬ੍ਰਿਕਸ ਨੇਤਾਵਾਂ ਵਲੋਂ ਆਪਸ ਵਿੱਚ ਆਰਥਿਕ ਵਿਕਾਸ ਦੇ ਖੇਤਰ 'ਚ ਸਹਿਯੋਗ ਵਧਾਉਣ 'ਤੇ ਗੱਲਬਾਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਬ੍ਰਿਕਸ ਬਿਜ਼ਨਸ ਕਾਉਂਸਲ ਦੇ ਬ੍ਰਿਕਸ ਨੇਤਾਵਾਂ ਨਾਲ ਬੈਠਕ ਵਿੱਚ ਵੀ ਹਿੱਸਾ ਲੈਣਗੇ।
ਇਸ ਵਿੱਚ ਬ੍ਰਾਜ਼ੀਲ ਬ੍ਰਿਕਸ ਬਿਜ਼ਨਸ ਕੌਂਸਲ ਦੇ ਪ੍ਰਧਾਨ ਅਤੇ ਨਿਊ ਡਿਵੈਲਪਮੈਂਟ ਬੈਂਕ ਦੇ ਪ੍ਰਧਾਨ ਵੀ ਆਪੋ ਆਪਣੀਆਂ ਰਿਪੋਰਟਾਂ ਦੇਣਗੇ। ਇਸ ਦੌਰਾਨ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਬ੍ਰਿਕਸ ਐਮਓਯੂ ਉੱਤੇ ਵੀ ਦਸਤਖ਼ਤ ਹੋਣਗੇ।
ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਸਤਾਰ ਸਜਾ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ
ਜ਼ਿਕਰਯੋਗ ਹੈ ਕਿ ਬ੍ਰਿਕਸ ਪੰਜ ਉਭਰਦੇ ਵੱਡੇ ਅਰਥਚਾਰੇ ਵਾਲੇ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦਾ ਸਮੂਹ ਹੈ। ਇਸ ਸਮੂਹ ਦੇ ਦੇਸ਼ਾਂ ਦੀ ਆਬਾਦੀ, ਵਿਸ਼ਵ ਦੀ ਆਬਾਦੀ ਦਾ 42 ਫ਼ੀਸਦੀ ਹੈ ਅਤੇ ਵਿਸ਼ਵ ਦੀ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ 23 ਫ਼ੀਸਦੀ ਨੂੰ ਦਰਸ਼ਾਉਂਦੀ ਹੈ। ਇਨ੍ਹਾਂ ਦੇਸ਼ਾਂ ਦਾ ਵਿਸ਼ਵ ਵਪਾਰ ਵਿੱਚ 17 ਫ਼ੀਸਦੀ ਹਿੱਸਾ ਹੈ।