ਲਖਨਉ: ਯੂਪੀ ਦੀ ਰਾਜਧਾਨੀ ਲਖਨਊ ਵਿੱਚ ਬੁੱਧਵਾਰ ਨੂੰ ਡਿਫੈਂਸ ਐਕਸਪੋ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਹਥਿਆਰਾਂ ਦੇ ਮਾਮਲੇ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ 'ਬਜ਼ਾਰ' ਹੋਵੇਗਾ। ਵਰਿੰਦਾਵਨ ਦੇ ਸੈਕਟਰ-15 ਵਿੱਚ 43 ਹਜ਼ਾਰ ਵਰਗ ਮੀਟਰ ਵਿੱਚ ਫੈਲੇ ‘ਡਿਫੈਂਸ ਐਕਸਪੋ’ ਖੇਤਰ ਵਿੱਚ ਭਾਰਤ ਅਤੇ ਵਿਦੇਸ਼ ਦੀਆਂ ਵੱਡੀਆਂ ਰੱਖਿਆ ਕੰਪਨੀਆਂ ਆਪਣੇ ਤਰਕਸ਼ ਦੇ ‘ਤੀਰ’ ਦਿਖਾਉਣਗੀਆਂ।
![ਡਿਫੈਂਸ ਐਕਸਪੋ](https://etvbharatimages.akamaized.net/etvbharat/prod-images/up-luc-02-defence-expo-begins-today-7200868_05022020080054_0502f_00070_515.jpg)
11ਵੇਂ ਡਿਫੈਂਸ ਐਕਸਪੋ ਦੀ ਮੇਜ਼ਬਾਨੀ ਲਖਨਊ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਹਿਰ 1:30 ਵਜੇ ਇਸ ਦਾ ਉਦਘਾਟਨ ਕਰਨਗੇ। ਇਸ ਦੀ ਥੀਮ 'ਡਿਜੀਟਲ ਟਰਾਂਸਫਾਰਮੇਸ਼ਨ ਆਫ਼ ਡਿਫੈਂਸ' ਹੈ। ਪ੍ਰਧਾਨ ਮੰਤਰੀ ਮੋਦੀ ਦੁਨੀਆ ਭਰ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ, ਡਿਪਲੋਮੈਟਾਂ ਨਾਲ ਗੱਲਬਾਤ ਕਰਨਗੇ।
ਦੁਨੀਆ ਭਰ ਦੇ ਮਹਿਮਾਨ ਸਾਡੀ ਰੱਖਿਆ ਟੈਕਨਾਲੋਜੀ, ਤਾਕਤ, ਤਰੱਕੀ ਅਤੇ ਫੌਜੀ ਬਹਾਦਰੀ ਨਾਲ ਰੂ-ਬ-ਰੂ ਹੋਣਗੇ। 5 ਤੋਂ 9 ਫਰਵਰੀ ਦੌਰਾਨ ਹਵਾ, ਜ਼ਮੀਨੀ ਅਤੇ ਜਲ ਸੈਨਾ, ਵਰਿੰਦਾਵਨ ਤੋਂ ਗੋਮਤੀ ਰਿਵਰ ਫਰੰਟ ਤੱਕ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
ਇਸ ਪ੍ਰਦਰਸ਼ਨੀ 'ਚ 70 ਤੋਂ ਵੱਧ ਦੇਸ਼ਾਂ ਦੀਆਂ 1028 ਕੰਪਨੀਆਂ ਆਪਣੇ ਉਤਪਾਦਾਂ ਅਤੇ ਤਕਨਾਲੋਜੀ ਨੂੰ ਪ੍ਰਦਰਸ਼ਿਤ ਕਰਨਗੀਆਂ। ਇਨ੍ਹਾਂ 'ਚ 856 ਭਾਰਤੀ ਅਤੇ 172 ਵਿਦੇਸ਼ੀ ਕੰਪਨੀਆਂ ਸ਼ਾਮਿਲ ਹਨ। ਡਿਫੈਂਸ ਐਕਸਪੋ ਦੌਰਾਨ ਰੱਖਿਆ ਸੌਦਿਆਂ ਨਾਲ ਸਬੰਧਤ ਲਗਭਗ 200 ਤੋਂ ਵੱਧ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣਗੇ। ਇਸ ਚਾਰ ਰੋਜ਼ਾ ਸਮਾਗਮ 'ਚ 39 ਦੇਸ਼ਾਂ ਦੇ ਰੱਖਿਆ ਮੰਤਰੀ ਵੀ ਹਿੱਸਾ ਲੈਣਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਡਿਫੈਂਸ ਐਕਸਪੋ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਰਗਾ ਦੇਸ਼ ਜ਼ਿਆਦਾ ਸਮੇਂ ਤੱਕ ਦਰਾਮਦ ਕੀਤੇ ਰੱਖਿਆ ਉਪਕਰਣਾਂ ਅਤੇ ਹਥਿਆਰਾਂ 'ਤੇ ਨਿਰਭਰ ਨਹੀਂ ਰਹਿ ਸਕਦਾ। ਅਸੀਂ ਭਾਰਤ ਨੂੰ ਰੱਖਿਆ ਨਿਰਮਾਣ ਕੇਂਦਰ ਵਜੋਂ ਤਿਆਰ ਕਰ ਰਹੇ ਹਾਂ। ਡਿਫੈਂਸ ਐਕਸਪੋ ਇਸ ਦਾ ਸਭ ਤੋਂ ਵਧੀਆ ਪਲੇਟਫਾਰਮ ਹੈ।