ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਸਕੌਟ ਮੌਰਿਸਨ ਅੱਜ ਦੁਵੱਲੇ ਰਣਨੀਤਕ ਸਬੰਧਾਂ ਦੇ ਵਿਆਪਕ ਢਾਂਚੇ ਦੀ ਸਮੀਖਿਆ ਕਰਨ ਅਤੇ ਵਪਾਰ ਅਤੇ ਰੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਤਰੀਕਿਆਂ ਦੀ ਪੜਚੋਲ ਕਰਨ ਲਈ ਵੀਰਵਾਰ ਨੂੰ ਇੱਕ ਆਨਲਾਈਨ ਸਮਿਟ ਕਰਨਗੇ।
ਇਹ ਪਹਿਲਾ ਮੌਕਾ ਹੋਵੇਗਾ ਜਦੋਂ ਮੋਦੀ ਕਿਸੇ ਵਿਦੇਸ਼ੀ ਨੇਤਾ ਨਾਲ ਦੁਵੱਲਾ ਵਰਚੁਅਲ ਸਮਿਟ ਕਰਨਗੇ।
ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਇਸ ਸੰਮੇਲਨ ਵਿੱਚ ਕਈ ਹੋਰ ਸਮਝੌਤਿਆਂ ਤੋਂ ਇਲਾਵਾ ਲੌਜਿਸਟਿਕ ਅਦਾਰਿਆਂ ਲਈ ਸੈਨਿਕ ਟਿਕਾਣਿਆਂ ਦੀ ਆਪਸੀ ਪਹੁੰਚ ਲਈ ਇੱਕ ਮਹੱਤਵਪੂਰਣ ਸਮਝੌਤੇ ਨੂੰ ਅੰਤਮ ਰੂਪ ਦੇਣ ਦੀ ਉਮੀਦ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਾਨ ਵਿੱਚ ਕਿਹਾ, "ਵਰਚੁਅਲ ਸੰਮੇਲਨ ਦੋਵਾਂ ਨੇਤਾਵਾਂ ਲਈ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਵੱਧ ਰਹੇ ਸਬੰਧਾਂ ਦੇ ਸੰਦਰਭ ਵਿੱਚ ਸਬੰਧਾਂ ਦੇ ਵਿਆਪਕ ਢਾਂਚੇ ਦੀ ਸਮੀਖਿਆ ਕਰਨ ਅਤੇ ਕੋਰੋਨਾ ਮਹਾਂਮਾਰੀ ਬਾਰੇ ਆਪਣੇ-ਆਪਣੇ ਪ੍ਰਤੀਕਰਮ ਸਬੰਧੀ ਵਿਚਾਰ ਵਟਾਂਦਰੇ ਦਾ ਮੌਕਾ ਹੋਵੇਗਾ।"
ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸਾਲ 2009 ਵਿੱਚ ਇੱਕ ਰਣਨੀਤਕ ਭਾਈਵਾਲੀ ਦੇ ਪੱਧਰ 'ਤੇ ਲਿਜਾਇਆ ਗਿਆ ਸੀ। ਉਸ ਸਮੇਂ ਤੋਂ ਭਾਰਤ ਅਤੇ ਆਸਟ੍ਰੇਲੀਆ ਨੇ ਕਈ ਮਹੱਤਵਪੂਰਨ ਖੇਤਰਾਂ ਵਿੱਚ ਆਪਣੇ ਸਹਿਯੋਗ ਦਾ ਵਿਸਥਾਰ ਕੀਤਾ ਹੈ।