ਹੈਦਰਾਬਾਦ ਡੈਸਕ: ਪੰਜਾਬੀ ਗਾਇਕ ਸ਼੍ਰੀ ਬਰਾੜ ਅਕਸਰ ਹੀ ਆਪਣੇ ਗੀਤਾਂ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਕਿਸਾਨ ਅੰਦੋਲਨ ਦੌਰਾਨ ਕਿਸਾਨ ਐਂਥਮ ਗੀਤ ਰਾਹੀਂ ਇਸ ਗਾਇਕ ਨੂੰ ਪਛਾਣ ਮਿਲੀ ਸੀ। ਇਸ ਤੋਂ ਬਾਅਦ ਸ਼੍ਰੀ ਬਰਾੜ ਦੇ ਕਈ ਗੀਤਾਂ ਨੂੰ ਲੈ ਕੇ ਵਿਵਾਦ ਛਿੜਿਆ ਰਿਹਾ, ਇੱਥੋ ਤੱਕ ਕਿ ਮਾਮਲਾ ਅਦਾਲਤਾਂ ਕੱਕ ਵੀ ਪਹੁੰਚਿਆ। ਤਾਜ਼ਾ ਮਾਮਲੇ ਵਿੱਚ, ਸ਼੍ਰੀ ਬਰਾੜ ਦੇ ਨਵੇਂ ਗਾਣੇ 'ਮਰਡਰ' ਦੁਆਰਾ ਹਿੰਸਾ ਨੂੰ ਭੜਕਾਊਣ ਦਾ ਇਲਜ਼ਾਮ ਲਗਾਉਂਦਿਆਂ ਹੋਏ ਪੰਜਾਬ ਦੇ ਕੁਝ ਸੀਨੀਅਰ ਵਕੀਲਾਂ ਵੱਲੋਂ ਪੰਜਾਬ ਦੇ ਡੀ.ਜੀ.ਪੀ ਨੂੰ ਲੀਗਲ ਨੋਟਿਸ ਜਾਰੀ ਕਰਦਿਆਂ ਸਬੰਧਤ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਕੌਣ ਹੈ ਸ਼੍ਰੀ ਬਰਾੜ
ਸ਼੍ਰੀ ਬਰਾੜ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਸਿਲਵਾਲਾ ਦੇ ਰਹਿਣ ਵਾਲੇ ਹਨ। ਸ਼੍ਰੀ ਬਰਾੜ ਇੱਕ ਗਾਇਕ ਅਤੇ ਗੀਤਕਾਰ ਹੈ ਜੋ ਮੁੱਖ ਤੌਰ 'ਤੇ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦਾ ਜਨਮ 1992 ਵਿੱਚ ਹੋਇਆ। ਸ਼੍ਰੀ ਬਰਾੜ ਨੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਆਫ ਆਰਟ ਤੋਂ ਗ੍ਰੇਜੂਏਸ਼ਨ ਕੀਤੀ ਹੋਈ ਹੈ, ਜਦਕਿ ਸਕੂਲੀ ਪੜ੍ਹਾਈ ਡੀਏਵੀ ਪਬਲਿਕ ਸਕੂਲ, ਪਟਿਆਲਾ, ਪੰਜਾਬ ਤੋਂ ਹੋਈ ਹੈ।
ਸ਼੍ਰੀ ਬਰਾੜ ਨੂੰ 8ਵੀਂ ਜਮਾਤ ਤੋਂ ਹੀ ਲਿਖਣ ਦਾ ਸ਼ੌਕ ਸੀ। ਉਸ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਪਟਿਆਲਾ ਦੇ ਪ੍ਰਿੰਸ, ਚੰਨ ਇਸ਼ਕ ਦਾ, ਪੰਜਾਬ ਤੋਂ ਕੈਨੇਡਾ, ਸਵੈਗੀ ਜੱਟ ਬਨਾਮ ਕਬੂਤਰੀ ਵਰਗੇ ਗੀਤਾਂ ਨਾਲ ਕੀਤੀ। 2018 ਵਿੱਚ, ਉਹ 'ਕੋਈ ਨਾ' ਗੀਤ ਦੇ ਨਾਲ ਸਾਹਮਣੇ ਆਇਆ, ਜੋ ਬਹੁਤ ਹਿੱਟ ਰਿਹਾ। 2018 ਵਿੱਚ, ਸ਼੍ਰੀ ਨੇ ਪ੍ਰਸਿੱਧ ਪੰਜਾਬੀ ਗਾਇਕ ਜਿਵੇਂ ਕਿ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਕਰਨ ਔਜਲਾ, ਮਨਕੀਰਤ ਔਲਖ, ਸ਼ੈਰੀ ਮਾਨ, ਅਤੇ ਹੋਰ ਬਹੁਤ ਸਾਰੇ ਗੀਤ ਲਿਖੇ। 26 ਜੂਨ, 2020 ਨੂੰ, ਮਨਕੀਰਤ ਔਲਖ ਦੁਆਰਾ ਗਾਇਆ ਗਿਆ ਗੀਤ 'ਵੈਲ' ਲੈ ਕੇ ਆਇਆ, ਜਿਸ ਵਿੱਚ ਨਿਮਰਤ ਖਹਿਰਾ ਵੀ ਵੀਡੀਓ ਦਾ ਹਿੱਸਾ ਸੀ।
ਗੀਤ 'ਜਾਨ' ਨੂੰ ਲੈ ਕੇ ਹੋਇਆ ਸੀ ਮਾਮਲਾ ਦਰਜ
ਚਾਰ ਸਾਲ ਪਹਿਲਾਂ, ਸ਼੍ਰੀਬਰਾੜ ਨੂੰ ਪਟਿਆਲਾ ਪੁਲਿਸ ਨੇ 6 ਜਨਵਰੀ, 2020 ਵਿੱਚ ਮੋਹਾਲੀ ਦੇ ਸੈਕਟਰ 91 ਤੋਂ ਗ੍ਰਿਫਤਾਰ ਕੀਤਾ ਸੀ। 7 ਜਨਵਰੀ ਨੂੰ ਉਸ ਨੂੰ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਸੀ। ਗਾਇਕ ਦੇ ਖਿਲਾਫ ਗੰਨ ਕਲਚਰ ਦਾ ਪ੍ਰਚਾਰ ਕਰਨ ਅਤੇ ਕਾਨੂੰਨ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਐੱਸਐੱਸਪੀ ਵਿਕਰਮਜੀਤ ਬਰਾੜ ਦੀਆਂ ਹਦਾਇਤਾਂ ’ਤੇ ਗਾਇਕ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਗਾਇਕ ਸ਼੍ਰੀ ਬਰਾੜ ਨੂੰ ਸੀਆਈਏ ਸਟਾਫ਼ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ।
ਕੀ ਸੀ ਗੀਤ ਦੇ ਬੋਲ?
ਇਹ ਕਾਰਵਾਈ ਸ਼੍ਰੀ ਬਰਾੜ ਦੇ ਰਿਲੀਜ਼ ਹੋਏ ਗੀਤ 'ਜਾਨ' ਨੂੰ ਲੈ ਕੇ ਕੀਤੀ ਗਈ ਸੀ। ਟਾਈਟਲ ਗੀਤ 'ਜਾਨ' ਨੂੰ ਮਹਿਲਾ ਗਾਇਕਾਂ ਬਾਰਬੀ ਮਾਨ ਅਤੇ ਸ਼੍ਰੀ ਬਰਾੜ ਨੇ ਗਾਇਆ ਹੈ। ਇਸ ਵਿੱਚ ਗੁਰਨੀਤ ਦੋਸਾਂਝ ਦੀ ਆਵਾਜ਼ ਵੀ ਹੈ। ਇਸ ਗੀਤ ਨੂੰ ਸ਼੍ਰੀਬਰਾੜ ਨੇ ਖੁਦ ਲਿਖਿਆ ਹੈ। ਗੀਤ ਵਿੱਚ 'ਇੱਕ ਜੇਬ ਤੇ ਦੂਜਾ ਗੱਡੀ ਵਿੱਚ ਦੋ ਰੱਖਦੇ ਹਥਿਆਰ ਵੇ, ਜੁਰਮ ਜਿਨ੍ਹਾਂ ਦੇ ਸਾਂਹ ਚ ਵਸਦਾ' ਲਾਈਨ ਸੀ,ਜੋ ਗੰਨ ਕਲਚਰ ਨੂੰ ਪ੍ਰਮੋਟ ਕਰਦਾ ਸੀ। ਪਟਿਆਲਾ ਵਿੱਚ ਹੋਏ ਕਤਲਾਂ ਪਿੱਛੇ ਹੱਥ ਆਦਿ ਲਾਈਨਾਂ ਵੀ ਲਿਖੀਆਂ ਗਈਆਂ ਸੀ। ਇਸ ਤੋਂ ਇਲਾਵਾ ਗੀਤ ਦੀ ਸ਼ੂਟਿੰਗ ਦੌਰਾਨ ਪਟਿਆਲੇ ਦੇ ਇੱਕ ਥਾਣੇ ਅਤੇ ਉੱਥੇ ਕੈਦੀ ਲੋਕਾਂ ਨੂੰ ਗੋਲੀ ਮਾਰ ਕੇ ਛੱਡੇ ਜਾਣ ਦੇ ਦ੍ਰਿਸ਼ ਵੀ ਹਨ। ਇਨ੍ਹਾਂ ਸਾਰੀਆਂ ਲਾਈਨਾਂ 'ਤੇ ਵਿਵਾਦ ਰਿਹਾ ਜਿਸ ਕਾਰਨ ਗਾਇਕ ਖਿਲਾਫ ਕਾਰਵਾਈ ਕੀਤੀ ਗਈ ਸੀ।
ਗੀਤ 8 ਰਫਲਾਂ 'ਚ ਵਕੀਲਾਂ ਦਾ ਅਕਸ ਖਰਾਬ ਕਰਨ ਦੇ ਇਲਜ਼ਾਮ
ਪੰਜਾਬੀ ਗਾਇਕ ਮਨਕੀਰਤ ਔਲਖ ਦਾ ਕਰੀਬ 2 ਸਾਲ ਪਹਿਲਾਂ ਗੀਤ 8 ਰਫਲਾਂ ਰਿਲੀਜ਼ ਹੋਇਆ, ਜੋ ਕਿ ਯੂਟਿਊਬ ਉੱਤੇ ਜਾਰੀ ਹੁੰਦੀ ਹੀ ਲੱਖਾਂ ਵਿਊਜ਼ ਬਟੋਰ ਗਿਆ। ਇਸ ਗੀਤ ਦੇ ਬੋਲ ਵੀ ਸ਼੍ਰੀ ਬਰਾੜ ਨੇ ਲਿਖੇ ਸੀ ਜਿਸ ਵਿੱਚ ਵਕੀਲਾਂ ਦਾ ਅਕਸ ਖਰਾਬ ਕਰੇ ਜਾਣ ਦੇ ਇਲਜ਼ਾਮ ਲੱਗੇ ਸਨ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਕੀਲ ਸੁਨੀਲ ਮੱਲਨ ਨੇ ਇਸ ਗੀਤ ਵਿਰੁੱਧ ਕੇਸ ਦਾਇਰ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਔਲਖ ਤੇ ਹੋਰਾਂ 'ਤੇ ਗੀਤਾਂ ਰਾਹੀਂ ਵਕੀਲਾਂ ਦਾ ਅਕਸ ਖਰਾਬ ਕਰਨ ਦਾ ਇਲਜ਼ਾਮ ਲਾਇਆ ਸੀ। ਮਨਕੀਰਤ ਔਲਖ ਨੂੰ 15 ਮਈ 2021 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ।
ਕਿਸਾਨ ਅੰਦੋਲਨ ਦੌਰਾਨ ਕਿਸਾਨ ਐਂਥਮ ਗੀਤ
ਇਸ ਤੋਂ ਇਲਾਵਾ, ਸ਼੍ਰੀ ਬਰਾੜ ਵਲੋਂ ਦਿੱਲੀ ਵਿੱਖੇ ਚੱਲੇ ਲੰਮੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਧਰਨੇ ਵਿੱਚ ਸ਼ਾਮਲ ਹੋਣ ਲਈ ਤੇ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਐਂਥਮ ਤਿਆਰ ਕੀਤਾ ਗਿਆ। ਇਸ ਗੀਤ ਨੂੰ ਸ਼੍ਰੀ ਬਰਾੜ ਤੇ ਹੋਰ ਕਈ ਗਾਇਕਾ ਨੇ ਲਿਖਿਆ ਵੀ ਅਤੇ ਆਪਣੀ ਆਵਾਜ਼ ਵੀ ਦਿੱਤੀ। ਇਸ ਗੀਤ ਵਿੱਚ ਕੇਂਦਰ ਸਰਕਾਰ ਦੇ ਵਿਰੱਧ ਵੀ ਟਿੱਪਣੀ ਕੀਤੀ ਗਈ ਸੀ ਜਿਸ ਕਰਕੇ ਇਹ ਗੀਤ ਵੀ ਵਿਵਾਦ ਦੇ ਸੇਕ ਵਿੱਚ ਘਿਰਿਆ ਰਿਹਾ। ਹਾਲਾ ਹੀ ਵਿੱਚ, ਮੁੜ ਸ਼੍ਰੀ ਬਰਾੜ ਵਲੋਂ ਕਿਸਾਨ ਐਂਥਮ 2 (ਧਰਨੇ ਵਾਲੇ ਹਾਂ) ਤੇ ਫਿਰ ਕਿਸਾਨ ਐਂਥਮ 3 ਗੀਤ ਵੀ ਰਿਲੀਜ਼ ਕੀਤਾ ਗਿਆ ਸੀ।
ਐਲਬਮ ਬੇੜੀਆਂ ਨੂੰ ਲੈ ਕੇ ਗਾਇਕ ਨੇ ਕਾਂਗਰਸ ਉੱਤੇ ਲਾਏ ਇਲਜ਼ਾਮ
ਸ੍ਰੀ ਬਰਾੜ ਦੀ ਨਵੀਂ ਐਲਬਮ ਬੇੜੀਆਂ ਦੇ ਰਿਲੀਜ਼ ਹੋਣ ਤੋਂ ਬਾਅਦ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ। ਗਾਇਕ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਕਾਂਗਰਸੀ ਆਗੂਆਂ 'ਤੇ ਇਲਜ਼ਾਮ ਲਾਏ ਸੀ। ਗਾਇਕ ਨੇ ਉਸ ਸਮੇਂ ਕਿਹਾ ਸੀ ਕਿ, "ਕਾਂਗਰਸੀ ਆਗੂਆਂ ਦਾ ਨਾਂ ਲਏ ਬਿਨਾਂ ਸ੍ਰੀ ਬਰਾੜ ਨੇ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿਹੜੀਆਂ-ਕਿਹੜੀਆਂ ਸਥਿਤੀਆਂ ਵਿੱਚੋਂ ਗੁਜ਼ਰ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਬਹੁਤ ਕੁਝ ਦੇਖਿਆ ਅਤੇ ਕਈ ਗੁੰਡਿਆਂ ਦੇ ਫੋਨ ਆਏ। ਸਿਆਸਤਦਾਨਾਂ ਤੋਂ ਧਮਕੀਆਂ ਮਿਲਦੀਆਂ ਸਨ ਜਿਸ ਤੋਂ ਬਚਣ ਲਈ ਮੈਂ ਪੈਸੇ ਦਿੰਦਾ ਹਾਂ।"