ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਅੱਜ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਇਹ ਬੈਠਕ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ। ਜਾਣਕਾਰੀ ਮੁਤਾਬਕ ਇਹ ਬੈਠਕ ਦੁਪਹਿਰ ਤਿੰਨ ਵਜੇ ਹੋਵੇਗੀ ਤੇ ਇਸ ਬੈਠਕ 'ਚ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਉੱਤੇ ਚਰਚਾ ਹੋ ਸਕਦੀ ਹੈ।
ਇਸ ਬੈਠਕ ਦੌਰਾਨ, ਤਾਲਾਬੰਦੀ ਨੂੰ ਖ਼ਤਮ ਕਰਨ ਦੀਆਂ ਰਣਨੀਤੀਆਂ 'ਤੇ ਵਿਚਾਰ-ਵਟਾਂਦਰੇ ਕੀਤੇ ਜਾ ਸਕਦੇ ਹਨ। ਇਹ ਤਾਲਾਬੰਦੀ ਦਾ ਤੀਜਾ ਪੜਾਅ ਹੈ, ਜੋ 17 ਮਈ ਨੂੰ ਖ਼ਤਮ ਹੋਵੇਗਾ।
ਭਾਰਤ 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ਦੇ 62 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਹੁਣ ਤੱਕ ਕੋਰੋਨਾ ਵਾਇਰਸ ਕਾਰਨ 2109 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ 41,472 ਸੰਕਰਮਿਤ ਲੋਕਾਂ ਦਾ ਇਲਾਜ ਜਾਰੀ ਹੈ। ਸੰਕਰਮਿਤ ਕੁਲ ਵਿੱਚੋਂ 19,357 ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕੋਰੋਨਾ ਮਹਾਂਮਾਰੀ ਕਾਰਨ ਦੇਸ਼ 'ਚ ਲੌਕਡਾਊਨ ਦ ਤੀਸਰਾ ਪੜਾਅ ਚਲ ਰਿਹਾ ਹੈ ਜਿਸ ਕਾਰਨ ਉਦਯੋਗ ਅਤੇ ਅਰਥ ਵਿਵਸਥਾ ਪੂਰੀ ਤਰ੍ਹਾਂ ਠੱਪ ਪਈ ਹੈ। ਬੀਤੀ 27 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ 'ਚ ਪੀਐਮ ਨੇ ਕਿਹਾ ਸੀ ਕਿ ਸਾਨੂੰ ਅਰਥ ਵਿਵਸਥਾ ਨੂੰ ਵੀ ਜਾਰੀ ਰੱਖਣਾ ਹੋਵੇਗਾ ਅਤੇ ਕੋਵਿਡ-19 ਵਿਰੁੱਧ ਜੰਗ ਵੀ ਜਾਰੀ ਰੱਖਣੀ ਹੋਵੇਗੀ। ਇਸ ਲਈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਹੋ ਰਹੀ ਬੈਠਕ 'ਚ ਅਰਥ ਵਿਵਸਥਾ ਅਤੇ ਲੌਕਡਾਊਨ ਸੰਬੰਧੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਤਾਲਾਬੰਦੀ ਅਤੇ ਕੋਰੋਨਾ ਦੀ ਸਥਿਤੀਆਂ ਬਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਚਾਰ ਵਾਰ ਗੱਲਬਾਤ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ 27 ਅਪ੍ਰੈਲ ਅਤੇ 11 ਅਪ੍ਰੈਲ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ। ਪ੍ਰਧਾਨ ਮੰਤਰੀ ਦੀ ਸਭ ਤੋਂ ਪਹਿਲੀ ਬੈਠਕ 2 ਅਪ੍ਰੈਲ ਨੂੰ ਹੋਈ ਸੀ।