ਨਵੀਂ ਦਿੱਲੀ: ਨਰਿੰਦਰ ਮੋਦੀ ਨੇ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਐਤਵਾਰ ਨੂੰ ਪਹਿਲੀ ਵਾਰ 'ਮਨ ਕੀ ਬਾਤ' ਕੀਤੀ। ਇਸ ਦੌਰਾਨ ਉਨ੍ਹਾਂ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਐਤਵਾਰ ਨੇ ਬਹੁਤ ਇੰਤਜ਼ਾਰ ਕਰਵਾਇਆ ਹੈ।
ਉਨ੍ਹਾਂ ਕਿਹਾ, "ਜਦੋਂ ਮੈਂ 'ਮਨ ਕੀ ਬਾਤ' ਕਰਦਾ ਹਾਂ ਤਾਂ ਆਵਾਜ਼ ਮੇਰੀ, ਸ਼ਬਦ ਮੇਰੇ ਹਨ ਪਰ ਕਥਾ ਤੁਹਾਡੀ ਹੈ। ਇਹੀ ਕਾਰਨ ਹੈ ਕਿ ਮੈਂ ਇਸ ਪ੍ਰੋਗਰਾਮ ਨੂੰ ਨਹੀਂ, ਤੁਹਾਨੂੰ ਯਾਦ ਕਰ ਰਿਹਾ ਸੀ। ਪਿਛਲੇ ਕੁੱਝ ਮਹੀਨਿਆਂ 'ਚ ਬਹੁਤ ਸਾਰੇ ਸੁਨੇਹੇ ਆਏ ਜਿਸ ਵਿੱਚ ਲੋਕਾਂ ਨੇ ਕਿਹਾ ਕਿ ਉਹ 'ਮਨ ਕੀ ਬਾਤ' ਮਿਸ ਕਰ ਰਹੇ ਹਨ ਜਦੋਂ ਮੈਂ ਪੜ੍ਹਦਾ ਹਾਂ, ਸੁਣਦਾ ਹਾਂ ਤਾਂ ਮੈਨੂੰ ਚੰਗਾ ਲੱਗਦਾ ਹੈ। ਮੈਂ ਆਪਣਾਪਨ ਮਹਿਸੂਸ ਕਰਦਾ ਹਾਂ।"
ਇਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ, "ਭਾਰਤ 'ਚ 2019 ਦੀਆਂ ਲੋਕ ਸਭਾ ਚੋਣਾਂ ਵਿੱਚ 61 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਵੋਟ ਪਾਈ। ਇਹ ਗਿਣਤੀ ਸਾਨੂੰ ਬਹੁਤ ਆਮ ਲੱਗ ਸਕਦੀ ਹੈ ਪਰ ਜੇ ਦੁਨੀਆਂ ਦੇ ਹਿਸਾਬ ਨਾਲ ਵੇਖਿਆ ਜਾਵੇ ਅਤੇ ਚੀਨ ਨੂੰ ਪਿੱਛੇ ਛੱਡ ਦਿੱਤਾ ਜਾਵੇ ਤਾਂ ਭਾਰਤ 'ਚ ਦੁਨੀਆਂ ਦੇ ਕਿਸੇ ਵੀ ਦੇਸ਼ ਦੀ ਆਬਾਦੀ ਤੋਂ ਜ਼ਿਆਦਾ ਲੋਕਾਂ ਨੇ ਵੋਟਿੰਗ ਕੀਤੀ ਹੈ।"
ਪਾਣੀ ਦੀ ਸਮੱਸਿਆ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਮੀਂਹ ਤੋਂ ਜੋ ਪਾਣੀ ਮਿਲਦਾ ਹੈ ਉਸ ਦਾ ਸਿਰਫ਼ ਅੱਠ ਫੀਸਦੀ ਹੀ ਬਚਾਇਆ ਜਾਂਦਾ ਹੈ। ਸਮਾਂ ਆ ਗਿਆ ਹੈ ਕਿ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ। ਮੈਨੂੰ ਉਮੀਦ ਹੈ ਕਿ ਲੋਕਾਂ ਦੀ ਹਿੱਸੇਦਾਰੀ ਨਾਲ ਜਲ ਸੰਕਟ ਨੂੰ ਹੱਲ ਕਰ ਲਿਆ ਜਾਵੇਗਾ।"