ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਅਹਿਮ ਕੈਬਿਨੇਟ ਬੈਠਕ ਕੀਤੀ ਜਿਸ ਤੋਂ ਬਾਅਦ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਪ੍ਰੈਸ ਵਾਰਤਾ ਕੀਤੀ ਅਤੇ ਦੱਸਿਆ ਕਿ ਬੈਠਕ 'ਚ ਸਰਕਾਰ ਨੇ ਕਈ ਵੱਡੇ ਫ਼ੈਸਲੇ ਲਏ ਹਨ। ਉਨ੍ਹਾਂ ਦੱਸਿਆ ਕਿ ਬੈਠਕ ਚ ਖ਼ਾਸ ਤੌਰ ਤੇ ਬੈਕਿੰਗ ਸੈਕਟਰ ਨੂੰ ਲੈ ਕੇ ਫ਼ੈਸਲੇ ਲਏ ਗਏ ਹਨ ਅਤੇ ਬੈਕਾਂ 'ਚ ਸੁਧਾਰ ਨੂੰ ਲੈ ਕੇ ਕਈ ਆਰਡੀਨੈਂਸਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ। ਮੋਦੀ ਕੈਬਿਨੇਟ ਨੇ ਇੱਕ ਐਰਡੀਨੈਂਸ ਅਨੁਸਾਰ 1540 ਸਹਿਕਾਰੀ ਅਤੇ ਮਲਟੀ ਬੈਂਕਾਂ ਨੂੰ ਰਿਜ਼ਰਵ ਬੈਂਕ ਅਧੀਨ ਕੰਮ ਕਰਨ 'ਤੇ ਮੋਹਰ ਲਾਈ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਚ 1482 ਸ਼ਹਿਰੀ ਅਤੇ 58 ਬਹੁ-ਰਾਜ ਸਹਿਕਾਰੀ ਬੈਂਕ ਹਨ, ਉਨ੍ਹਾਂ ਬਾਰੇ ਇਕ ਆਰਡੀਨੈਂਸ ਲਿਆਂਦਾ ਗਿਆ ਹੈ ਕਿ ਹੁਣ ਇਹ ਸਾਰੇ ਬੈਂਕ ਰਿਜ਼ਰਵ ਬੈਂਕ ਦੀ ਨਿਗਰਾਨੀ ਹੇਠ ਕੰਮ ਕਰਨਗੇ। ਇਸ ਨਾਲ ਅੱਠ ਕਰੋੜ 60 ਲੱਖ ਖਾਤਾ ਧਾਰਕਾਂ ਦੀ ਜਮ੍ਹਾਂ ਰਾਸ਼ੀ ਸੁਰੱਖਿਅਤ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਬੈਂਕਾਂ ਵਿੱਚ ਜਮ੍ਹਾ 4.84 ਲੱਖ ਕਰੋੜ ਰੁਪਏ ਸੁਰੱਖਿਅਤ ਹੋਣਗੇ।
ਕੇਂਦਰੀ ਮੰਤਰੀ ਜਾਵਡੇਕਰ ਨੇ ਕਿਹਾ ਕਿ ਮੁਦਰਾ ਲੋਨ ਸਕੀਮ ਤਹਿਤ ਸ਼ਿਸ਼ੂ ਮੁਦਰਾ ਕਰਜ਼ਾ ਲੈਣ ਵਾਲੇ 9 ਕਰੋੜ 37 ਲੱਖ ਲੋਕਾਂ ਨੂੰ ਵਿਆਜ ਵਿੱਚ ਦੋ ਫ਼ੀਸਦ ਦੀ ਛੋਟ ਮਿਲੇਗੀ। ਇਸ ਨਾਲ ਠੇਲੇ ਅਤੇ ਗਲੀ ਵਿਕਰੇਤਾ ਜਾਂ ਛੋਟੇ ਦੁਕਾਨਦਾਰਾਂ ਨੂੰ ਲਾਭ ਹੋਵੇਗਾ। ਇਸ ਦੇ ਲਈ ਇਸ ਸਾਲ 1540 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪਸ਼ੂ ਪਾਲਣ ਦੇ ਵਿਕਾਸ ਲਈ 15000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਨਾਲ ਦੁੱਧ ਦਾ ਉਤਪਾਦਨ ਵੀ ਵਧੇਗਾ ਅਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਸ਼ੀਨਗਰ ਹਵਾਈ ਅੱਡਾ ਕੌਮਾਂਤਰੀ ਹਵਾਈ ਅੱਡਾ ਵਜੋਂ ਘੋਸ਼ਿਤ ਕੀਤਾ ਜਾ ਰਿਹਾ ਹੈ।
ਬੈਠਕ ਚ ਇੱਕ ਓਬੀਸੀ ਕਮੀਸ਼ਨ ਦੀ ਨਿਯੁਕਤੀ ਕੀਤੀ ਗਈ ਹੈ, ਜਿਸਦਾ ਕੰਮ ਇਹ ਵੇਖਣਾ ਹੋਵੇਗਾ ਕਿ ਕੋਈ ਵੀ ਜਾਤ ਗਲਤ ਸਪੈਲਿੰਗ ਦੇ ਕਾਰਨ ਰਾਖਵੇਂਕਰਨ ਤੋਂ ਵਾਂਝਾ ਨਾ ਰਹਿ ਜਾਵੇ।
ਜਾਵਡੇਕਰ ਨੇ ਦੱਸਿਆ ਕਿ ਬੈਠਕ ਵਿੱਚ ਕਿਸਾਨਾਂ ਦੇ ਮੁੱਦਿਆਂ ਅਤੇ ਲਾਭ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਤਾਲਾਬੰਦੀ ਤੋਂ ਬਾਅਦ ਤੋਂ ਹੀ ਸਰਕਾਰ ਗਰੀਬਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਰਹੀ ਹੈ।