ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਵਿਆਹ ਦੇ ਵਾਅਦੇ ਨਾਲ ਕਿਸੇ ਵੀ ਮਹਿਲਾ ਦੀ ਸਹਿਮਤੀ ਨਾਲ ਬਣਾਏ ਗਏ ਸ਼ਰੀਰਕ ਸਬੰਧ ਨੂੰ ਰੇਪ ਨਹੀਂ ਕਿਹਾ ਜਾ ਸਕਦਾ ਹੈ। ਜਸਟਿਸ ਵਿਭੂ ਬਾਰੂਖ ਦੀ ਬੈਂਚ ਨੇ ਇੱਕ ਮੁਲਜ਼ਮ ਨੂੰ ਰੇਪ ਮਾਮਲੇ 'ਚ ਬਰੀ ਕਰਨ ਦੇ ਟ੍ਰਾਇਲ ਕੋਰਟ ਦੇ ਫੈਸਲੇ ਦੇ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਫੈਸਲਾ ਸੁਣਾਉਂਦੇ ਹੋਏ ਇਹ ਗੱਲ ਕਹੀ।
ਲੰਬੇ ਸਮੇਂ ਤੱਕ ਸਬੰਧਾਂ ਨੂੰ ਰੇਪ ਨਹੀਂ ਕਿਹਾ ਜਾ ਸਕਦਾ
ਕੋਰਟ ਨੇ ਕਿਹਾ ਕਿ ਜੇਕਰ ਵਿਆਹ ਕਰਨ ਦਾ ਝਾਂਸਾ ਮਹਿਜ਼ ਸ਼ਰੀਰਕ ਸ਼ੋਸ਼ਣ ਕਰਨ ਦੀ ਨੀਯਤ ਲਈ ਦਿੱਤਾ ਗਿਆ ਹੈ ਤਾਂ ਇਹ ਰੇਪ ਹੋ ਸਕਦਾ ਹੈ। ਲੰਬੇ ਸਮੇਂ ਤੱਕ ਕਿਸੇ ਨਾਲ ਸ਼ਰੀਰਕ ਸਬੰਧ ਰੱਖਣਾ ਰੇਪ ਦੀ ਸ਼੍ਰੇਣੀ 'ਚ ਨਹੀਂ ਆਉਂਦਾ ਹੈ। ਦਰਅਸਲ ਇੱਕ ਮਹਿਲਾ ਨੇ ਮੁਲਜ਼ਮ ਖਿਲਾਫ ਵਿਆਹ ਦਾ ਝਾਂਸਾ ਦੇ ਕੇ ਰੇਪ ਕਰਨ ਦਾ ਕੇਸ ਦਰਜ ਕਰਵਾਇਆ ਸੀ। ਟ੍ਰਾਇਲ ਕੋਰਟ ਨੇ ਮਹਿਲਾ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਮੁਲਜ਼ਮ ਨੂੰ ਬਰੀ ਕਰ ਦਿੱਤਾ ਸੀ।
ਮੁਲਜ਼ਮ ਨਾਲ ਭੱਜ ਗਈ ਸੀ ਮਹਿਲਾ
ਹਾਈਕੋਰਟ ਨੇ ਪਾਇਆ ਕਿ ਸਾਲ 2008 'ਚ ਮਹਿਲਾ ਤੇ ਮੁਲਜ਼ਮ ਵਿਚਾਲੇ ਸ਼ਰੀਰਕ ਸਬੰਧ ਸਨ। ਸ਼ਰੀਰਕ ਸਬੰਧ ਬਣਾਉਣ ਤੋਂ ਬਾਅਦ ਮੁਲਜ਼ਮ ਨੇ ਮਹਿਲਾ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਮਹਿਲਾ ਮੁਲਜ਼ਮ ਨਾਲ ਭੱਜ ਗਈ ਸੀ। ਅਜਿਹੇ 'ਚ ਮਹਿਲਾ ਦੇ ਦੋਸ਼ਾਂ ਨੂੰ ਸਹੀ ਨਹੀਂ ਕਿਹਾ ਜਾ ਸਕਦਾ ਹੈ। ਹਾਈਕੋਰਟ ਨੇ ਟ੍ਰਾਇਲ ਕੋਰਟ ਦੇ ਫੈਸਲੇ 'ਤੇ ਮੁਹਰ ਲਾਉਂਦੇ ਹੋਏ ਮਹਿਲਾ ਦੀ ਅਪੀਲ ਨੂੰ ਰੱਦ ਕਰ ਦਿੱਤਾ।