ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ 1 ਅਕਤੂਬਰ ਤੱਕ ਚੱਲੇਗਾ। ਇਸ ਇਜਸਾਲ ਦੌਰਾਨ ਅਸਲ ਕੰਟਰੋਲ ਰੇਖਾ 'ਤੇ ਭਾਰਤ ਤੇ ਚੀਨ ਵਿਚਾਲੇ ਚੱਲ ਰਿਹਾ ਟਕਰਾਅ, ਕੋਰੋਨਾ ਮਹਾਂਮਾਰੀ ਤੇ ਆਰਥਿਕ ਮੰਦੀ ਵਰਗੇ ਮੁੱਦੇ ਚਰਚਾ ਵਿੱਚ ਰਹਿਣਗੇ।
ਇਸ ਵਾਰ ਕੋਰੋਨਾ ਕਾਰਨ ਇਜਲਾਸ ਵਿੱਚ ਕੁੱਝ ਬਦਲਾਅ ਕੀਤੇ ਗਏ ਹਨ। ਸਿਫਰ ਕਾਲ ਦੀ ਮਿਆਦ ਘੱਟ ਕਰਕੇ ਅੱਧਾ ਘੰਟਾ ਕਰ ਦਿੱਤੀ ਗਈ ਹੈ। ਇਸ ਵਾਰ ਕੋਈ ਪ੍ਰਸ਼ਨਕਾਲ ਨਹੀਂ ਹੋਵੇਗਾ। ਲਿਖਤੀ ਤੌਰ ਉੱਤੇ ਪ੍ਰਸ਼ਨ ਪੁੱਛੇ ਜਾ ਸਕਦੇ ਹਨ, ਜਿਨ੍ਹਾਂ ਦਾ ਜਵਾਬ ਦਿੱਤਾ ਜਾਵੇਗਾ। ਇਜਲਾਸ ਦੀ ਕਾਰਵਾਈ ਦੌਰਾਨ ਸਨਿੱਚਰਵਾਰ ਤੇ ਐਤਵਾਰ ਦੀ ਛੁੱਟੀ ਵੀ ਨਹੀਂ ਹੋਵੇਗੀ।
ਇਜਲਾਸ ਦੇ 18 ਦਿਨਾਂ 'ਚ ਕੁੱਲ 18 ਬੈਠਕਾਂ ਆਯੋਜਿਤ ਹੋਣਗੀਆਂ ਅਤੇ ਕੁੱਲ 47 ਬਿੱਲਾਂ ਉੱਤੇ ਚਰਚਾ ਹੋਵੇਗੀ ਜਿਨ੍ਹਾਂ ਵਿੱਚ 45 ਬਿੱਲ ਅਤੇ 2 ਵਿੱਤੀ ਵਸਤੂਆਂ ਸ਼ਾਮਲ ਹਨ। ਇਜਲਾਸ ਦੇ ਪਹਿਲੇ ਦਿਨ 23 ਬਿੱਲ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ 11 ਆਰਡੀਨੈਂਸ ਹਨ।
ਕਿਆਸਰਾਈਆਂ ਹਨ ਕਿ ਵਿਰੋਧੀ ਪਾਰਟੀਆਂ ਵੱਲੋਂ 4 ਬਿੱਲਾਂ ਉੱਤੇ ਤਿੱਖਾ ਵਿਰੋਧ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿੱਚੋਂ ਤਿੰਨ ਖੇਤੀ ਆਰਡੀਨੈਂਸ ਤੇ ਬੈਂਕਿੰਗ ਰੇਗੂਲੇਸ਼ਨ ਸੋਧ ਬਿੱਲ ਸ਼ਾਮਲ ਹਨ।
ਦੱਸ ਦਈਏ ਕਿ ਇਜਲਾਸ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਦਾ ਕੋਰੋਨਾ ਟੈਸਟ ਹੋਇਆ ਜਿਸ ਵਿੱਚੋਂ 5 ਮੈਂਬਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਸਦਨ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਦਾ ਤਾਪਮਾਨ ਜਾਂਚਣ ਲਈ ਥਰਮਲ ਗਨ ਅਤੇ ਧਰਮਲ ਸਕੈਨਰ ਦੀ ਵਰਤੋਂ ਕੀਤੀ ਜਾਵੇਗੀ। ਐਮਰਜੈਂਸੀ ਸਮੇਂ ਮੈਡੀਕਲ ਟੀਮ ਤੇ ਐਂਬੂਲੈਂਸ ਦੀ ਸਹੂਲਤ ਹੋਵੇਗੀ।