ਆਂਧਰਾ ਪ੍ਰਦੇਸ਼: ਵਿਸ਼ਾਖਾਪਟਨਮ ਵਿੱਚ ਇੱਕ ਪੋਲੀਮਰ ਕੰਪਨੀ ਵਿੱਚ ਗੈਸ ਲੀਕ ਹੋਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਸੈਂਕੜੇ ਪਿੰਡ ਵਾਸੀਆਂ ਨੂੰ ਸਿਰ ਦਰਦ, ਉਲਟੀਆਂ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਦੀ ਸ਼ਿਕਾਇਤ ਨਾਲ ਨੇੜਲੇ ਹਸਪਤਾਲਾਂ ਵਿਚ ਲਿਜਾਇਆ ਗਿਆ। ਹਾਲਾਤ ਅਤੇ ਵੀ ਨਿਯੰਤਰਣ ਵਿੱਚ ਨਹੀਂ ਹਨ। ਸਥਾਨਕ ਪ੍ਰਸ਼ਾਸਨ ਅਤੇ ਨੇਵੀ ਨੇ ਫੈਕਟਰੀ ਦੇ ਨੇੜਲੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਆਰਆਰ ਵੈਂਕਟਾਪੁਰਮ ਵਿਚ ਸਥਿਤ ਵਿਸ਼ਾਖਾ ਐਲਜੀ ਪੋਲੀਮਰ ਕੰਪਨੀ ਤੋਂ ਖਤਰਨਾਕ ਜ਼ਹਿਰੀਲੀ ਗੈਸ ਦੀ ਲੀਕ ਹੋਣ ਦੀ ਖ਼ਬਰ ਮਿਲੀ ਹੈ। ਇਸ ਜ਼ਹਿਰੀਲੀ ਗੈਸ ਕਾਰਨ ਫੈਕਟਰੀ ਦੇ ਤਿੰਨ ਕਿਲੋਮੀਟਰ ਦੇ ਇਲਾਕੇ ਪ੍ਰਭਾਵਿਤ ਹਨ।
ਇੱਕ ਸਰਕਾਰੀ ਹਸਪਤਾਲ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦ ਕਿ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਵਿੱਚ ਜਿਆਦਾਤਰ ਬਜ਼ੁਰਗ ਅਤੇ ਬੱਚੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ 150-170 ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੂੰ ਗੋਪਾਲਪੁਰਮ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ ਹੈ। 1500-2000 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਫਿਲਹਾਲ ਗੈਸ ਲੀਕ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ।