ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਸੋਮਵਾਰ ਨੂੰ ਕਿਹਾ ਕਿ ਜਦੋਂ ਵੀ ਭਾਰਤ ਦੀ ਧਰਤੀ 'ਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਨੂੰ ਚਿੰਤਤ ਹੋਣਾ ਚਾਹੀਦਾ ਹੈ ਅਤੇ ਜੇ ਉਹ ਇਨ੍ਹਾਂ ਚਿੰਤਾਵਾਂ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਤਾਂ ਉਸ ਨੂੰ ਭਾਰਤ ਵਿੱਚ ਅੱਤਵਾਦ ਨੂੰ ਰੋਕਣਾ ਚਾਹੀਦਾ ਹੈ।
ਏਅਰ ਚੀਫ਼ ਮਾਰਸ਼ਲ ਨੇ ਇੱਕ ਮੀਡੀਆ ਏਜੰਸੀ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ ਅਤੇ ਲਾਂਚਪੈਡਾਂ ਖ਼ਿਲਾਫ਼ ਕਾਰਵਾਈ ਦੀ ਲੋੜ ਪਈ ਤਾਂ ਉਨ੍ਹਾਂ ਦੀ ਫੋਰਸ ਹਮੇਸ਼ਾ ਤਿਆਰ ਹੈ।
ਉਨ੍ਹਾਂ ਨੂੰ ਜਦੋਂ ਪਾਕਿਸਤਾਨ ਵੱਲੋਂ ਹੰਦਵਾੜਾ ਹਮਲੇ ਦੇ ਮੱਦੇਨਜ਼ਰ ਭਾਰਤ ਦੇ ਜਵਾਬੀ ਹਮਲੇ ਦੇ ਡਰੋਂ ਸਰਹੱਦਾਂ ਨੇੜੇ ਉਡਾਣ ਗਤੀਵਿਧੀਆਂ ਨੂੰ ਤੇਜ਼ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਜਦੋਂ ਵੀ ਸਾਡੀ ਧਰਤੀ 'ਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਨੂੰ (ਪਾਕਿਸਤਾਨ) ਨੂੰ ਚਿੰਤਾ ਕਰਨੀ ਚਾਹੀਦੀ ਹੈ ਅਤੇ ਉਹ ਸਹੀ ਚਿੰਤਤ ਹਨ। ਉਨ੍ਹਾਂ ਨੂੰ ਇਨ੍ਹਾਂ ਚਿੰਤਾਵਾਂ ਤੋਂ ਬਾਹਰ ਨਿਕਲਣ ਲਈ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਰੋਕਣਾ ਚਾਹੀਦਾ ਹੈ।"
ਮਈ ਦੇ ਪਹਿਲੇ ਹਫ਼ਤੇ ਹੰਦਵਾੜਾ ਵਿਖੇ ਹੋਏ ਐਨਕਾਊਂਟਰ ਵਿੱਚ ਭਾਰਤ ਦੇ 5 ਜਵਾਨ ਸ਼ਹੀਦ ਹੋਏ ਸਨ। ਬਾਲਾਕੋਟ ਵਰਗੇ ਹਵਾਈ ਹਮਲੇ ਦੇ ਡਰੋਂ ਪਾਕਿਸਤਾਨ ਨੇ ਆਪਣੇ ਅੱਤਵਾਦੀ ਕੈਂਪਾਂ ਅਤੇ ਲਾਂਚਪੈਡਾਂ 'ਤੇ ਉਡਾਣ ਗਤੀਵਿਧੀਆਂ ਵੀ ਵਧਾ ਦਿੱਤੀਆਂ ਸਨ।
ਜਦੋਂ ਏਅਰ ਚੀਫ਼ ਮਾਰਸ਼ਲ ਨੂੰ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਫੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕੰਟਰੋਲ ਰੇਖਾ ਪਾਰ ਕੋਈ ਅੱਤਵਾਦੀ ਕੈਂਪ ਜਾਂ ਲਾਂਚਪੈਡ ਨੂੰ ਤਬਾਹ ਕਰਨ ਲਈ ਤਿਆਰ ਹੈ ਤਾਂ ਉਨ੍ਹਾਂ ਕਿਹਾ, "ਜੇ ਹਾਲਾਤ ਇਸ ਤਰ੍ਹਾਂ ਦੀ ਮੰਗ ਕਰਦੇ ਹਨ ਤਾਂ ਭਾਰਤੀ ਹਵਾਈ ਸੈਨਾ ਬੇਸ਼ੱਕ 24x7 ਤਿਆਰ ਹੈ।"
ਦੱਸਣਯੋਗ ਹੈ ਕਿ ਭਾਰਤੀ ਹਵਾਈ ਸੈਨਾ ਨੇ ਪਿਛਲੇ ਸਾਲ 26 ਫਰਵਰੀ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਜੈਸ਼ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਵਿੱਚ ਇਸ ਭਾਰਤੀ ਮਿਜ਼ਾਈਲਾਂ ਨੇ ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ।