ਨਵੀਂ ਦਿੱਲੀ: ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਸਾਹਮਣੇ ਅਪਰਾਧ ਦਾ ਨਵਾਂ ਰੁਝਾਨ ਆਉਣ ਵਾਲਾ ਹੈ। ਅਜੋਕੇ ਸਮੇਂ ਵਿੱਚ, ਭਾਰਤੀ ਫ਼ੌਜ ਅਤੇ ਖੁਫ਼ੀਆ ਏਜੰਸੀਆਂ ਦੁਆਰਾ ਆਪਣੀ ਚੌਕਸੀ ਕਾਰਨ, ਪਾਕਿਸਤਾਨ ਦੀ ਆਈਐਸਆਈ ਅਤੇ ਇਸ ਦੇ ਅੱਤਵਾਦੀ ਸੰਗਠਨ ਦੇਸ਼ ਵਿੱਚ ਹਮਲਾ ਕਰਨ ਵਿੱਚ ਅਸਫਲ ਰਹੇ ਹਨ।
ਇਸ ਸਮੇਂ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ 'ਤੇ ਪਾਣੀ ਫ਼ੇਰ ਦਿੱਤਾ ਹੈ। ਪਾਕਿਸਤਾਨ ਦੀ ਆਈਐਸਆਈ ਅਤੇ ਅੱਤਵਾਦੀ ਸੰਗਠਨ ਹੁਣ ਸਥਾਨਕ ਅਪਰਾਧੀਆਂ ਦਾ ਸਹਾਰਾ ਲੈ ਰਹੇ ਹਨ ਤੇ ਉਨ੍ਹਾਂ ਨੂੰ ਹਮਲੇ ਦੀ ਜ਼ਿੰਮੇਵਾਰੀ ਸੌਂਪ ਰਹੇ ਹਨ।
ਹਾਲ ਹੀ ਵਿੱਚ, ਚੰਡੀਗੜ੍ਹ ਇੰਟੈਲੀਜੈਂਸ ਯੂਨਿਟ ਨੇ ਅੱਤਵਾਦੀਆਂ ਅਤੇ ਗੈਂਗਸਟਰਾਂ ਵਿਚਕਾਰ ਅਜਿਹੇ ਗਠਜੋੜ ਬਾਰੇ ਸਾਰੇ ਖੁਫ਼ੀਆ ਏਜੰਸੀ ਯੂਨਿਟਾਂ ਨੂੰ ਚੌਕਸ ਕੀਤਾ ਹੈ। ਇੰਟੈਲੀਜੈਂਸ ਯੂਨਿਟ ਨੇ ਕੁਝ ਅਪਰਾਧੀਆਂ ਦਾ ਨਾਮ ਲਿਆ ਹੈ ਅਤੇ ਹੋਰ ਖੁਫ਼ੀਆ ਇਕਾਈਆਂ ਨੂੰ ਸੁਚੇਤ ਕੀਤਾ ਹੈ ਕਿ ਆਈਐਸਆਈ ਅਤੇ ਅੱਤਵਾਦੀ ਸੰਗਠਨ ਇਨ੍ਹਾਂ ਸਥਾਨਿਕ ਅਪਰਾਧੀਆਂ ਦੇ ਸੰਪਰਕ ਵਿੱਚ ਹਨ। ਆਈਐਸਆਈ ਅਤੇ ਅੱਤਵਾਦੀ ਸੰਗਠਨ ਇਨ੍ਹਾਂ ਅਪਰਾਧੀਆਂ ਨੂੰ ਭਾਰਤ ਵਿੱਚ ਹਮਲੇ ਕਰਨ ਲਈ ਨਿਯੁਕਤ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਅਪਰਾਧੀ ਫ਼ਰਾਰ ਹਨ, ਜਦਕਿ ਕੁਝ ਜੇਲ੍ਹਾਂ ਵਿੱਚ ਬੰਦ ਹਨ।
ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਆਈਐਸਆਈ ਦੇ ਅੱਤਵਾਦੀ ਇਨ੍ਹਾਂ ਅਪਰਾਧੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਪਹਿਲਾਂ ਹੀ ਇਨ੍ਹਾਂ ਅਪਰਾਧੀਆਂ ਦੇ ਸੰਪਰਕ ਵਿੱਚ ਹਨ।
ਕੁੱਝ ਦਿਨ ਪਹਿਲਾਂ ਕੇਂਦਰੀ ਖੁਫ਼ੀਆ ਏਜੰਸੀ ਦੀ ਪੰਜਾਬ ਇਕਾਈ ਨੇ ਅਲਰਟ ਜਾਰੀ ਕੀਤਾ ਸੀ ਕਿ ਆਈਐਸਆਈ ਅਤੇ ਹੋਰ ਅੱਤਵਾਦੀ ਸੰਗਠਨਾਂ ਨੇ ਪੰਜ ਅਪਰਾਧੀਆਂ ਨੂੰ ਕੁੱਝ ਨੇਤਾਵਾਂ ਉੱਤੇ ਹਮਲਾ ਕਰਨ ਦਾ ਕੰਮ ਸੌਂਪਿਆ ਸੀ। ਇਨ੍ਹਾਂ ਪੰਜ ਦੋਸ਼ਿਆਂ ਵਿੱਚੋਂ ਦੋ ਦੋਸ਼ੀ ਫ਼ਰਾਰ ਹਨ ਅਤੇ ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਹੈ, ਜਦਕਿ ਤਿੰਨ ਹੋਰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ।
ਇਹ ਅਪਰਾਧੀ ਦਰਜਨਾਂ ਕਤਲਾਂ, ਡਕੈਤੀਆਂ, ਨਸ਼ਿਆਂ ਦੇ ਕੇਸਾਂ ਤੇ ਜੇਲ੍ਹਾਂ ਵਿੱਚੋਂ ਚੱਲ ਰਹੇ ਰੈਕੇਟ ਸਮੇਤ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹਨ। ਪੁਲਿਸ ਨੂੰ ਅਜਿਹੇ ਸਥਾਨਿਕ ਬਦਮਾਸ਼ਾਂ `ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਇੰਨਾ ਹੀ ਨਹੀਂ, ਪੁਲਿਸ ਨੂੰ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਇਨ੍ਹਾਂ ਦੋਸ਼ੀਆਂ ਦੀਆਂ ਗਤੀਵਿਧੀਆਂ `ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।
ਇੱਕ ਅਧਿਕਾਰੀ ਦੇ ਅਨੁਸਾਰ, ਇਸ ਤਾਜ਼ਾ ਰਣਨੀਤੀ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਆਈਐਸਆਈ ਦੀ ਰੀੜ ਦੀ ਹੱਡੀ, ਜੋ ਕਿ ਇੱਕ ਸਥਾਨਿਕ ਸਲੀਪਰ ਸੈੱਲ ਹੈ, ਲਗਭਗ ਖ਼ਤਮ ਹੋ ਚੁੱਕੀ ਹੈ ਜਾਂ ਕੰਮ ਕਰਨ ਤੋਂ ਇਨਕਾਰ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਸੁਰੱਖਿਆ ਬਲਾਂ ਦੁਆਰਾ ਮਾਰੇ ਜਾਣ ਦਾ ਡਰ ਸਤਾ ਰਿਹਾ ਹੈ।