ਨਵੀਂ ਦਿੱਲੀ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿ ਨੇ ਜੰਮੂ-ਕਸ਼ਮੀਰ ਦੇ ਤੰਗਧਾਰ ਵਿੱਚ ਗੋਲੀਬਾਰੀ ਕਰਕੇ ਇਕ ਵਾਰ ਮੁੜ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ ਹੈ। ਗੋਲੀਬਾਰੀ ਦੌਰਾਨ ਇੱਕ ਨਾਗਰਿਕ ਜ਼ਖਮੀ ਹੋ ਗਿਆ ਹੈ।
ਪਾਕਿਸਤਾਨ ਨੇ ਇਸ ਤੋਂ ਪਹਿਲਾਂ ਕ੍ਰਿਸ਼ਨਾ ਘਾਟੀ ਵਿੱਚ ਗੋਲੀਬਾਰੀ ਕੀਤੀ ਜਿਸ ਵਿੱਚ ਭਾਰਤੀ ਫ਼ੌਜ ਦਾ ਇੱਕ ਜਵਾਨ ਮਾਰਿਆ ਗਿਆ ਹੈ। ਪਾਕਿਸਤਾਨ ਨੇ ਇਸ ਗੋਲੀਬਾਰੀ ਵਿੱਚ ਭਾਰਤ ਦੀਆਂ ਅਗਲੀਆਂ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ ਹੈ।
ਦੱਸ ਦਈਏ ਕਿ ਤੰਗਧਾਰ ਸੈਕਟਰ ਵਿਚ ਅੱਤਵਾਦੀਆਂ ਦੀ ਮਦਦ ਲਈ ਪਾਕਿਸਤਾਨ ਦੀ ਫੌਜ ਨੇ 19 ਅਕਤੂਬਰ ਨੂੰ ਗੋਲੀਆਂ ਚਲਾਈਆਂ ਸਨ। ਇਸ ਘੁਸਪੈਠ ਵਿਚ ਭਾਰਤੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ ਅਤੇ ਇਕ ਨਾਗਰਿਕ ਮਾਰਿਆ ਗਿਆ ਸੀ। ਇਸ ਹਮਲੇ ਵਿਚ ਤਿੰਨ ਹੋਰ ਲੋਕ ਜ਼ਖਮੀ ਵੀ ਹੋਏ ਸਨ।