ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਬੈਠਕ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗ ਕੀਤੀ। ਕੇਂਦਰ ਤੇ ਕਿਸਾਨਾਂ ਵਿਚਾਲੇ ਸੱਤਵੇਂ ਗੇੜ ਦੀ ਇਸ ਅਹਿਮ ਬੈਠਕ ਤੋਂ ਇੱਕ ਦਿਨ ਪਹਿਲਾਂ ਨਰਿੰਦਰ ਤੋਮਰ ਨੇ ਰਾਜਨਾਥ ਸਿੰਘ ਨਾਲ ਇਸ ਮੌਜੂਦਾ ਸੰਕਟ ਨੂੰ ਜਲਦੀ ਹੱਲ ਕਰਨ ਲਈ ਰਣਨੀਤੀ ‘ਤੇ ਵਿਚਾਰ ਵਟਾਂਦਰੇ ਕੀਤੇ।
ਸੂਤਰਾਂ ਦੇ ਮੁਤਾਬਕ ਤੋਮਰ ਸਿੰਘ ਦੇ ਨਾਲ ਇਸ ਸੰਕਟ ਦੇ ਹੱਲ ਲਈ, "ਵਿਚਲਾ ਰਾਹ" ਲੱਭਣ ਲਈ ਸਾਰੇ ਹੀ ਸੰਭਾਵਤ ਵਿਕਲਪਾਂ 'ਤੇ ਚਰਚਾ ਕੀਤੀ ਗਈ।
ਮੰਗਾਂ ਪ੍ਰਵਾਨ ਨਾ ਹੋਣ ਤੱਕ ਡੱਟੇ ਰਹਿਣਗੇ ਕਿਸਾਨ
40 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਭਾਰੀ ਠੰਡ ਅਤੇ ਮੀਂਹ 'ਚ ਡੱਟੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਕੇਂਦਰ ਤਿੰਨ ਖੇਤੀ ਕਾਨੂੰਨਾਂ ਤੇ ਐਮਐਸਪੀ ਸਬੰਧੀ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦਾ ਤਾਂ ਉਹ ਆਪਣਾ ਅੰਦੋਲਨ ਹੋਰ ਤਿੱਖਾ ਕਰਨਗੇ।
ਤੋਮਰ ਨੇ ਬੈਠਕ ਦੇ ਨਤੀਜੇ ਸਕਾਰਾਤਮਕ ਆਉਣ ਦੀ ਕੀਤੀ ਉਮੀਦ
1 ਜਨਵਰੀ ਨੂੰ, ਤੋਮਰ ਨੇ ਮੀਡੀਆ ਨੂੰ ਦੱਸਿਆ ਕਿ ਸਰਕਾਰ 4 ਜਨਵਰੀ ਨੂੰ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗਾਂ ਦੇ ਅਗਲੇ ਦੌਰ ਵਿੱਚ ਸਕਾਰਾਤਮਕ ਨਤੀਜੇ ਦੀ ਉਮੀਦ ਕਰ ਰਹੀ ਹੈ, ਪਰ ਇਸ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਕੀ ਸੱਤਵਾਂ ਦੌਰ ਗੱਲਬਾਤ ਦਾ ਆਖਰੀ ਦੌਰ ਹੋਵੇਗਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ, ਕੀ ਉਨ੍ਹਾਂ ਨੂੰ 4 ਜਨਵਰੀ ਦੀ ਬੈਠਕ ਆਖਰੀ ਗੇੜ ਹੋਣ ਦੀ ਉਮੀਦ ਹੈ, ਤਾਂ ਉਨ੍ਹਾਂ ਕਿਹਾ, ‘ਮੈਂ ਯਕੀਨ ਨਾਲ ਨਹੀਂ ਕਹਿ ਸਕਦਾ, ਮੈਂ ਕੋਈ ਜੋਤਸ਼ੀ ਨਹੀਂ ਹਾਂ। ਮੈਨੂੰ ਉਮੀਂਦ ਹੈ ਕਿ ਮੀਟਿੰਗ ਵਿੱਚ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਦੇਸ਼ ਅਤੇ ਕਿਸਾਨਾਂ ਦੇ ਹਿੱਤ ਵਿੱਚ ਹੋਵੇਗਾ।’
ਪਿਛਲੇ ਹਫਤੇ, ਵਿਰੋਧ ਕਰ ਰਹੇ ਕਿਸਾਨਾਂ ਨੇ ਅਲਟੀਮੇਟਮ ਜਾਰੀ ਕੀਤਾ ਕਿ ਜੇਕਰ ਗੱਲਬਾਤ ਦੇ ਅਗਲੇ ਦੌਰ ਵਿੱਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਨਾਲ ਦਿੱਲੀ ਵਿੱਚ ਦਾਖਲ ਹੋਣਗੇ।