ਭੁਵਨੇਸ਼ਵਰ: ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਓਡੀਸ਼ਾ ਸਰਕਾਰ ਨੇ 30 ਅਪ੍ਰੈਲ ਤੱਕ ਰਾਜ ਵਿੱਚ ਤਾਲਾਬੰਦੀ ਵਧਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ। ਓਡੀਸ਼ਾ ਤਾਲਾਬੰਦੀ ਦੀ ਮਿਆਦ ਵਧਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਹੈ। ਇਸ ਤੋਂ ਇਲਾਵਾ ਰਾਜ ਦੇ ਵਿਦਿਅਕ ਅਦਾਰੇ 17 ਜੂਨ ਤੱਕ ਬੰਦ ਰਹਿਣਗੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਪਟਨਾਇਕ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ 30 ਅਪ੍ਰੈਲ ਤੱਕ ਰੇਲ ਅਤੇ ਹਵਾਈ ਸੇਵਾਵਾਂ ਬੰਦ ਰੱਖਣ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਓਡੀਸ਼ਾ ਵਿੱਚ ਕੁੱਲ 42 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਉਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ ਹੈ ਅਤੇ 2 ਨੂੰ ਹਸਪਤਾਲ ਤੋਂ ਛੁੱਟੀ ਦੇ ਮਿਲ ਚੁੱਕੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਵੇਰੇ 9 ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਤੋਂ ਕੋਰੋਨਾ ਵਾਇਰਸ ਦੇ 540 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਕੋਰੋਨਾ ਖ਼ਿਲਾਫ ਜੰਗ ਲਈ ਟਵਿੱਟਰ ਦੇ ਸੀਈਓ 'ਜੈਕ ਡੋਰਸੀ' ਨੇ ਦਾਨ ਦਿੱਤੇ 7,572 ਕਰੋੜ ਰੁਪਏ
ਦੇਸ਼ ਭਰ ਵਿੱਚ ਕੁੱਲ 5734 ਲੋਕ ਇਸ ਵਾਇਰਸ ਨਾਲ ਪੀੜਤ ਹਨ। ਉਨ੍ਹਾਂ ਵਿੱਚੋਂ 5095 ਵਿਅਕਤੀ ਜ਼ੇਰੇ ਇਲਾਜ ਹਨ, 472 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ ਸੰਕਰਮਣ ਕਾਰਨ 166 ਲੋਕਾਂ ਦੀ ਮੌਤ ਹੋ ਚੁੱਕੀ ਹੈ।