ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਭਾਰਤ ’ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ 166 ’ਤੇ ਪੁੱਜ ਗਈ ਹੈ। ਭਾਰਤ ’ਚ ਮੌਜੂਦ ਕੋਰੋਨਾ ਵਾਇਰਸ ਦੇ 166 ਮਰੀਜ਼ਾਂ ’ਚੋਂ 25 ਵਿਦੇਸ਼ੀ ਹਨ ਤੇ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਜੇਕਰ ਦੁਨੀਆ ਭਰ ਵਿੱਚ ਪੀੜਤਾਂ ਦੀ ਗੱਲ ਕਰੀਏ ਤਾਂ ਅੰਕੜੇ ਦਿਲ ਦਹਿਲਾਉਣ ਵਾਲੇ ਹਨ। ਜਾਣਕਾਰੀ ਮੁਤਾਬਕ ਪੀੜਤਾਂ ਦੀ ਗਿਣਤੀ 2 ਲੱਖ ਤੋਂ ਪਾਰ ਹੋ ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 9 ਹਜ਼ਾਰ ਦੇ ਕਰੀਬ ਪੁੱਜ ਗਈ ਹੈ।
ਪੀਐਮ ਮੋਦੀ ਕਰਨਗੇ ਸੰਬੋਧਨ
ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਦੇ ਯਤਨਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਤ 8 ਵਜੇ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ। ਉਹ ਕੋਵਿਡ-19 ਨਾਲ ਸਬੰਧਿਤ ਮੁੱਦਿਆਂ ਅਤੇ ਉਸ ਨਾਲ ਨਜਿੱਠਣ ਦੇ ਯਤਨਾਂ ਬਾਰੇ ਗੱਲ ਕਰਨਗੇ।
ਸੂਬਾ ਸਰਕਾਰਾਂ ਚੌਕਸ
ਕੋਰੋਨਾ ਕਾਰਨ ਸੂਬਾ ਸਰਕਾਰਾਂ ਨੇ ਵੀ ਸਫ਼ਾਈ ਮੁਹਿੰਮਾਂ ਛੇੜ ਦਿੱਤੀਆਂ ਹਨ। ਮੈਟਰੋ, ਸਰਕਾਰੀ ਬੱਸਾਂ, ਰੇਲ–ਗੱਡੀਆਂ ਤੇ ਦਫ਼ਤਰਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਰਕੇ ਪੰਜਾਬ ਸਮੇਤ ਸਮੁੱਚੇ ਭਾਰਤ ਦੇ ਮਲਟੀਪਲੈਕਸ, ਸਿਨੇਮਾਘਰ, ਵਿਦਿਅਕ ਸੰਸਥਾਵਾਂ, ਜਿੰਮ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ।