ਸੋਨੀਪਤ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਅੰਦੋਲਨ 17ਵੇਂ ਦਿਨ ਵਿੱਚ ਚਲਾ ਗਿਆ ਹੈ। ਅੱਜ ਕਿਸਾਨਾਂ ਵੱਲੋਂ ਟੋਲ-ਪਲਾਜ਼ੇ ਫ਼੍ਰੀ ਕਰਵਾਏ ਜਾ ਰਹੇ ਹਨ। ਅਜਿਹੇ ਵਿੱਚ ਜੇ ਗੱਲ ਕਰੀਏ ਸਿੰਘੂ ਬਾਰਡਰ ਦੀ ਤਾਂ ਇਥੇ ਹਰ ਰੋਜ਼ ਪਹੁੰਚਣ ਵਾਲੇ ਕਿਸਾਨਾਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਕਿਸਾਨ ਲਗਾਤਾਰ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਤੋਂ ਸਿੰਘੂ ਬਾਰਡਰ ਉੱਤੇ ਪਹੁੰਚ ਰਹੇ ਹਨ।
ਜਾਣਕਾਰੀ ਮੁਤਾਬਕ ਇਸ ਸਮੇਂ ਸਿੰਘੂ ਬਾਰਡਰ ਉੱਤੇ ਲਗਭਗ 40 ਤੋਂ 50 ਹਜ਼ਾਰ ਅੰਦੋਲਨਕਾਰੀ ਕਿਸਾਨ ਮੌਜੂਦ ਹਨ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੀ ਗਿਣਤੀ ਵਿੱਚ ਹੋਰ ਵੀ ਇਜ਼ਾਫ਼ਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਕਰਨਾਲ ਵੱਲੋਂ ਕਿਸਾਨਾਂ ਦਾ ਇੱਕ ਵੱਡਾ ਜਥਾ ਵੀ ਸਿੰਘੂ ਬਾਰਡਰ ਉੱਤੇ ਪਹੁੰਚ ਰਿਹਾ ਹੈ, ਜਿਸ ਤੋਂ ਬਾਅਦ ਇਥੇ ਕਿਸਾਨਾਂ ਦੀ ਗਿਣਤੀ ਵਧਣਾ ਲਾਜ਼ਮੀ ਹੈ।
ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੰਘੂ ਬਾਰਡਰ ਉੱਤੇ ਹਰ ਰੋਜ਼ ਲਗਭਗ 1 ਹਜ਼ਾਰ ਤੋਂ ਲੈ ਕੇ 2 ਹਜ਼ਾਰ ਤੱਕ ਵਾਹਨਾਂ ਵਿੱਚ ਸਵਾਰ ਹੋ ਕੇ ਕਿਸਾਨ ਪਹੁੰਚ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕਿਸਾਨ ਬਹਾਦੁਰਗੜ੍ਹ ਤੱਕ ਆਪਣਾ ਡੇਰਾ ਜਮਾ ਸਕਦੇ ਹਨ। ਦੱਸ ਦਈਏ ਕਿ ਸਿੰਘੂ ਬਾਰਡਰ ਤੋਂ ਬਹਾਦੁਰਗੜ੍ਹ ਦੀ ਦੂਰੀ 20 ਕਿਲੋਮੀਟਰ ਦੇ ਆਸਪਾਸ ਹੈ। ਯਾਨੀ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਇਸ 20 ਕਿ.ਮੀ ਦੇ ਖੇਤਰ ਵਿੱਚ ਆਪਣਾ ਡੇਰਾ ਪਾ ਸਕਦੇ ਹਨ।
ਉਥੇ ਹੀ ਕਿਸਾਨਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਸੋਨੀਪਤ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲਾਂ ਦੀ ਤਾਇਨਾਤੀ ਸੋਨੀਪਤ ਸਿੰਘੂ ਬਾਰਡਰ ਉੱਤੇ ਕੀਤੀ ਗਈ ਹੈ ਤਾਂ ਕਿ ਕੋਈ ਵੀ ਹਿੰਸਕ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ।