ਚੰਡੀਗੜ੍ਹ: ਕੋਰੋਨਾ ਵਾਇਰਸ ਨਾਂਅ ਦੀ ਭਿਆਨਕ ਬਿਮਾਰੀ ਨੇ ਇਸ ਵੇਲੇ 192 ਮੁਲਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪੂਰੀ ਦੁਨੀਆਂ ਵਿੱਚ ਖ਼ਬਰ ਲਿਖਣ ਤੱਕ 14 ਹਜ਼ਾਰ 700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਪੀੜਤਾਂ ਦੀ ਗਿਣਤੀ 3 ਲੱਖ 40 ਹਜ਼ਾਰ ਤੇ ਪਹੁੰਚਣ ਵਾਲੀ ਹੈ।
ਭਾਰਤ ਮੁਲਕ ਵਿੱਚ ਇਸ ਵਾਇਰਸ ਨਾਲ ਹੁਣ ਤੱਕ 415 ਲੋਕਾਂ ਦੇ ਪੀੜਤ ਹੋਣ ਦੀ ਜਾਣਕਾਰੀ ਹੈ। ਇਸ ਵਾਇਰਸ ਨਾਲ ਦੇਸ਼ ਵਿੱਚ 8 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਜਿਸ ਵਿੱਚ ਪੰਜਾਬ, ਦਿੱਲੀ, ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਵਰਗੇ ਸੂਬੇ ਸ਼ਾਮਲ ਹਨ।
ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 21 ਹੈ। ਪੰਜਾਬ ਵਿੱਚ ਇੱਕ ਵਿਅਕਤੀ ਦੀ ਇਸ ਵਾਇਰਸ ਨਾਲ ਮੌਤ ਵੀ ਹੋ ਚੁੱਕੀ ਹੈ। ਜਦੋਂ ਕਿ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕੋਵਿਡ-19 ਨਾਲ ਪੀੜਤ ਲੋਕਾਂ ਦੀ ਗਿਣਤੀ 7 ਹੋ ਗਈ ਹੈ।
ਦੇਸ਼ ਵਿੱਚ ਕੱਲ੍ਹ ਲਾਏ ਗਏ ਜਨਤਾ ਕਰਫਿਊ ਦਾ ਲੋਕਾਂ ਨੇ ਬੇਸ਼ੱਕ ਵਧੀਆ ਸਾਥ ਦਿੱਤਾ ਪਰ ਫਿਰ ਵੀ ਕਈ ਲੋਕ ਇਸ ਵਿੱਚ ਅਣਗਹਿਲੀ ਕਰਦੇ ਨਜ਼ਰ ਆਏ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਾ ਸਰਕਾਰਾਂ ਨੂੰ ਆਦੇਸ਼ ਦਿੱਤੇ ਹਨ ਕਿ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 800 'ਤੇ ਪਹੁੰਚਣ ਵਾਲੀ ਹੈ ਜਦੋਂ ਕਿ 6 ਲੋਕ ਇਸ ਦੀ ਬਲੀ ਚੜ੍ਹ ਚੁੱਕੇ ਹਨ। ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇਸ ਦਾ ਸਭ ਤੋਂ ਵੱਧ ਪ੍ਰਭਾਵ ਹੈ।
ਇਸ ਵੇਲੇ ਪੂਰੇ ਭਾਰਤ ਸਮੇਤ ਅੱਧੇ ਮੁਲਕਾਂ ਨੇ ਆਪਣੇ ਦੇਸ਼ਾਂ ਵਿੱਚ ਤਾਲਾਬੰਦੀ ਕੀਤੀ ਹੋਈ ਹੈ ਇਸ ਦੌਰਾਨ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਆਪਣੇ ਮੁਲਕ ਵਿੱਚ ਲੌਕਡਾਊਨ ਨਹੀਂ ਥੋਪ ਸਕਦੇ ਕਿਉਂਕਿ ਇੱਥੋਂ ਦੀ 25 ਫ਼ੀਸਦ ਅਬਾਦੀ ਆਪਣਾ ਗੁਜ਼ਾਰਾ ਮਜ਼ਦੂਰੀ ਕਰ ਕੇ ਕਰਦੀ ਹੈ।