ਨਵੀਂ ਦਿੱਲੀ: ਭਾਰਤ ਰਿਜ਼ਰਵ ਬੈਂਕ (RBI) ਨੂੰ ਤੀਜੀ ਵਾਰ ਇੱਕ ਵੱਡਾ ਝਟਕਾ ਲੱਗਿਆ ਹੈ। ਆਰਬੀਆਈ ਦੇ ਡਿਪਟੀ ਗਵਰਨਰ ਐੱਨਐੱਸ ਵਿਸ਼ਵਨਾਥਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦਈਏ, ਐੱਨਐੱਸ ਵਿਸ਼ਵਨਾਥਨ 1981 ’ਚ RBI ’ਚ ਪਹਿਲੀ ਵਾਰ ਨਿਯੁਕਤ ਹੋਏ ਸਨ। ਉਹ ਬੈਂਕਿੰਗ ਉਦਯੋਗ ਦੇ ਨਿਯਮਾਂ ਤੇ ਕਾਨੂੰਨਾਂ ਦੇ ਮਾਮਲਿਆਂ ’ਚ ਮਾਹਿਰ ਮੰਨੇ ਜਾਂਦੇ ਹਨ। ਡਿਪਟੀ ਗਵਰਨਰ ਵਜੋਂ ਵਿਸ਼ਵਨਾਥ ਬੈਂਕਿੰਗ ਰੈਗੂਲੇਸ਼ਨ, ਕਾਰਪੋਰੇਟ ਬੈਂਕਿੰਗ, ਡਿਪਾਜ਼ਿਟ ਇੰਸ਼ਯੋਰੈਂਸ ਸਮੇਤ ਕਈ ਖੇਤਰਾਂ ਉੱਤੇ ਨਿਗਰਾਨੀ ਕਰ ਰਹੇ ਸਨ।
ਸੂਤਰਾਂ ਮੁਤਾਬਿਕ ਰਿਜ਼ਰਵ ਬੈਂਕ ਨੇ ਵਿਸ਼ਵਨਾਥਨ ਦੀ ਰਿਟਾਇਰਮੈਂਟ ਦੀ 31 ਮਾਰਚ ਤੱਕ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਹਾਲਾਂਕਿ ਇਸ ਨੂੰ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਮਿਲਣੀ ਅਜੇ ਬਾਕੀ ਹੈ। ਸਿਹਤ ਕਾਰਨਾਂ ਕਰਕੇ ਉਨ੍ਹਾਂ ਦੇ ਅਸਤੀਫ਼ੇ ਨੂੰ ਸਵੀਕਾਰਿਆ ਜਾ ਸਕਦਾ ਹੈ।
ਬੀਤੇ 15 ਮਹੀਨਿਆਂ ’ਚ ਇਹ ਤੀਜੀ ਵਾਰ ਹੈ, ਜਦੋਂ ਰਿਜ਼ਰਵ ਬੈਂਕ ਦੇ ਸੀਨੀਅਰ ਅਧਿਕਾਰੀ ਨੇ ਕਾਰਜਕਾਲ ਮੁਕੰਮਲ ਹੋਣ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਕੇਂਦਰੀ ਬੈਂਕ ਦੇ ਇੱਕ ਹੋਰ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਜੂਨ 2019 ’ਚ ਅਸਤੀਫ਼ਾ ਦੇ ਦਿੱਤਾ ਸੀ।
ਦਸੰਬਰ 2018 ’ਚ ਆਰਬੀਆਈ ਦੇ ਤਤਕਾਲੀਨ ਗਵਰਨਰ ਊਰਜਿਤ ਪਟੇਲ ਨੇ ਵੀ ਅਚਾਨਕ ਆਪਣਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਤੋਂ ਇਲਾਵਾ ਮੁੱਖ ਆਰਥਿਕ ਸਲਾਹਕਾਰ ਰਹੇ ਅਰਵਿੰਦ ਸੁਬਰਾਮਨੀਅਮ, ਨੀਤੀ ਆਯੋਗ ਦੇ ਮੀਤ ਪ੍ਰਧਾਨ ਰਹੇ ਅਰਵਿੰਦ ਪਨਗੜ੍ਹੀਆ ਤੇ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਪਾਰਟ–ਟਾਈਮ ਮੈਂਬਰ ਰਹੇ ਸੁਰਜੀਤ ਭੱਲਾ ਨੇ ਵੀ ਆਪਣਾ ਕਾਰਜਕਾਲ ਮੁਕੰਮਲ ਨਹੀਂ ਕੀਤਾ ਸੀ। ਵਿਸ਼ਵਨਾਥਨ ਇਸੇ ਵਰ੍ਹੇ ਜੂਨ ’ਚ ਸੇਵਾ–ਮੁਕਤ ਹੋਣ ਵਾਲੇ ਸਨ। ਰਿਟਾਇਰਮੈਂਟ ਤੋਂ ਸਿਰਫ਼ ਤਿੰਨ ਮਹੀਨੇ ਪਹਿਲਾਂ ਸ੍ਰੀ ਵਿਸ਼ਵਨਾਥਨ ਦਾ ਅਸਤੀਫ਼ਾ ਕੁਝ ਸੁਆਲ ਤਾਂ ਜ਼ਰੂਰ ਖੜ੍ਹੇ ਕਰਦਾ ਹੈ।