ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਭਾਰਤ ਵਿੱਚ ਅਜੇ ਤੱਕ ਕੋਰੋਨਾ ਵਾਇਰਸ ਦਾ ਕੋਈ ਵੀ ਕੇਸ ਨਹੀਂ ਮਿਲਿਆ ਹੈ। ਸਰਕਾਰ ਗੁਆਂਢੀ ਦੇਸ਼ ਵਿੱਚ ਫਸੇ ਲਗਭਗ 500 ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚੀਨੀ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ, "ਮੈਂ ਦੇਸ਼ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਘਬਰਾਉਣ ਨਾ ਕਿਉਂਕਿ ਕੋਰੋਨਾ ਵਾਇਰਸ ਭਾਰਤ ਵਿੱਚ ਨਹੀਂ ਆਇਆ ਹੈ। ਅਸੀਂ ਚੌਕਸ ਹਾਂ ਅਤੇ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਕੋਸ਼ਿਸ਼ ਕਰ ਰਹੇ ਹਾਂ। ਕਿਸੇ ਵੀ ਵਿਅਕਤੀ ਵਿੱਚ ਫਲੂ ਦੇ ਲੱਛਣ ਵਿਖਾਈ ਦੇ ਰਹੇ ਹਨ ਤਾਂ ਉਨ੍ਹਾਂ ਨੂੰ ਵੱਖ ਰੱਖਿਆ ਜਾ ਰਿਹਾ ਹੈ।"
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਤਿੰਨ ਸ਼ੱਕੀਆਂ ਨੂੰ ਆਰਐਮਐਲ ਹਸਪਤਾਲ ਵਿੱਚ ਆਈਸੋਲੇਸ਼ਨ ਅਧੀਨ ਰੱਖਿਆ ਗਿਆ ਹੈ। ਉਹ ਐਨਸੀਓਵੀ ਦੇ ਮਾਮਲੇ ਵਿੱਚ ਨਹੀਂ ਹੈ। ਸਰਕਾਰ ਚੌਕਸ ਹੈ ਅਤੇ ਪੀਐਮ ਮੋਦੀ ਸਥਿਤੀ ਉੱਤੇ ਨਿਯਮਿਤ ਰੂਪ ਵਿੱਚ ਜਾਣਕਾਰੀ ਲੈ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ, "ਸਾਲ 2014 ਵਿੱਚ ਸਾਡੀਆਂ ਕੋਸ਼ਿਸ਼ਾਂ ਨੇ ਭਾਰਤ ਵਿੱਚ ਇਬੋਲਾ ਵਾਇਰਸ ਨੂੰ ਦਾਖਲ ਨਹੀਂ ਹੋਣ ਦਿੱਤਾ। ਮੈਂ ਡਬਲਿਊਐਚਓ ਦੇ ਸੰਪਰਕ ਵਿੱਚ ਹਾਂ, ਇਸ ਵਾਇਰਸ ਤੋਂ ਬਚਣ ਲਈ ਸਰਕਾਰ ਥਰਮਲ ਸਕਰੀਨਿੰਗ ਸੇਵਾ ਦਾ ਵਿਸਤਾਰ ਕਰਕੇ ਇਸ ਨੂੰ ਲਗਭਗ 7 ਹੋਰ ਹਵਾਈ ਅੱਡਿਆਂ ਉੱਤੇ ਲਾਗੂ ਕਰੇਗੀ।"