ਅਯੁੱਧਿਆ: ਰਾਮ ਮੰਦਰ ਭੂਮੀ ਪੂਜਨ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੀਂਹ ਪੱਥਰ ਰੱਖੇ ਜਾਣ ਤੋਂ ਪਹਿਲਾਂ ਹੀ ਭਾਜਪਾ 2 ਫਾੜ ਨਜ਼ਰ ਆਈ। ਅਯੁੱਧਿਆ ਵਿੱਚ ਲੱਗੇ ਪੋਸਟਰ ਉੱਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਤਸਵੀਰ ਨਾ ਛਪੀ ਹੋਣ ਕਾਰਨ ਸੋਸ਼ਲ ਮੀਡੀਆ ਉੱਤੇ ਚਰਚਾ ਛਿੜ ਗਈ।
ਦਰਅਸਲ ਰਾਮ ਮੰਦਰ ਭੂਮੀ ਪੂਜਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸ਼ਮੂਲੀਅਤ ‘ਤੇ ਭਾਜਪਾ ਆਗੂਆਂ ਨੇ ਆਪਣੇ-ਆਪਣੇ ਢੰਗ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਕਈ ਪੋਸਟਰ ਵੀ ਛਾਪੇ ਗਏ ਸਨ। ਇਨ੍ਹਾਂ ਪੋਸਟਰਾਂ ਵਿੱਚ ਵੇਖਿਆ ਗਿਆ ਕਿ ਭਾਜਪਾ ਦੇ ਦਿੱਗਜ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਸ਼ੋਕ ਸਿੰਘਲ ਜੋ ਕਿ ਰਾਮ ਮੰਦਰ ਲਹਿਰ ਦੇ ਆਗੂ ਸਨ, ਗਾਇਬ ਦਿਖੇ।
ਜ਼ਿਕਰਯੋਗ ਹੈ ਕਿ ਜਿਸ ਪੋਸਟਰ ਵਿੱਚ ਅਡਵਾਨੀ, ਜੋਸ਼ੀ ਅਤੇ ਸਿੰਘਲ ਗਾਇਬ ਦਿਖਾਈ ਦਿੱਤੇ, ਉਸ ਵਿੱਚ ਉੱਥੋਂ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ, ਯੂਪੀ ਭਾਜਪਾ ਮੁਖੀ ਸਵਤੰਤਰ ਦੇਵ ਸਿੰਘ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਦੀਆਂ ਤਸਵੀਰਾਂ ਛਾਪੀਆਂ ਗਈਆਂ ਸਨ। ਇਸ ਪੋਸਟਰ 'ਤੇ ਸਥਾਨਕ ਸੰਸਦ ਮੈਂਬਰ ਲੱਲੂ ਸਿੰਘ ਅਤੇ ਕਈ ਹੋਰਾਂ ਦੀਆਂ ਤਸਵੀਰਾਂ ਵੀ ਛਾਪੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਰਾਮ ਮੰਦਰ ਦੀ ਭੂਮੀ ਪੂਜਨ ਸਾਲਾਂ ਪੁਰਾਣੇ ਸੁਪਨੇ ਨੂੰ ਸਾਕਾਰ ਕਰਨ ਵਰਗਾ ਹੈ।
ਉਨ੍ਹਾਂ ਨੇ ਕਿਹਾ ਸੀ ਕਿ ਮੇਰਾ ਮੰਨਣਾ ਹੈ ਕਿ ਰਾਮ ਮੰਦਰ ਸਾਰਿਆਂ ਲਈ ਨਿਆਂ ਨਾਲ ਇੱਕ ਮਜ਼ਬੂਤ, ਖੁਸ਼ਹਾਲ, ਸ਼ਾਂਤਮਈ ਅਤੇ ਸਦਭਾਵਨਾ ਭਰੇ ਦੇਸ਼ ਵਜੋਂ ਭਾਰਤ ਦੀ ਨੁਮਾਇੰਦਗੀ ਕਰੇਗਾ। ਉਨ੍ਹਾਂ ਨੇ ਕਿਹਾ ਸੀ ਕਿ ਇਹ ਕਿਸੇ ਦੀ ਵੀ ਅਣਦੇਖੀ ਜਾਂ ਨਫ਼ਰਤ ਨਹੀਂ ਕਰੇਗਾ, ਤਾਂ ਜੋ ਅਸੀਂ ਅਸਲ ਵਿੱਚ ਰਾਮ ਰਾਜ ਵਿੱਚ ਸੁਸ਼ਾਸਨ ਦੇ ਪ੍ਰਤੀਕ ਬਣ ਸਕੀਏ।