ਨਵੀਂ ਦਿੱਲੀ: ਸੁਪਰੀਮ ਕੋਰਟ ਮੰਗਲਵਾਰ ਨੂੰ ਨਿਰਭਯਾ ਜ਼ਬਰ ਜਨਾਹ ਅਤੇ ਕਤਲ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਣਵਾਈ ਕਰੇਗੀ। ਦੁਪਹਿਰ 12.30 ਵਜੇ, ਜਸਟਿਸ ਆਰ ਭਾਨੂਮਤਿ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਏ.ਐੱਸ. ਬੋਪੰਨਾ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ। ਮੁਕੇਸ਼ ਨੇ 17 ਜਨਵਰੀ ਨੂੰ ਰਹਿਮ ਦੀ ਅਪੀਲ ਨੂੰ ਖ਼ਾਰਜ ਕਰਨ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ।
ਨਿਰਭਯਾ ਦੇ ਦੋਸ਼ੀ ਨੇ ਸੁਪਰੀਮ ਕੋਰਟ ਵਿੱਚ ਕੀਤੀ ਅਪੀਲ
ਇਸ ਤੋਂ ਪਹਿਲਾਂ ਨਿਰਭਯਾ ਸਮੂਹਿਕ ਜ਼ਬਰ ਜਨਾਹ ਅਤੇ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੇ ਮੁਕੇਸ਼ ਸਿੰਘ ਨੇ ਰਾਸ਼ਟਰਪਤੀ ਵੱਲੋਂ ਆਪਣੀ ਰਹਿਮ ਦੀ ਅਪੀਲ ਨੂੰ ਖਾਰਜ ਕਰਨ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ।
ਰਾਸ਼ਟਰਪਤੀ ਨੇ ਕੀਤੀ ਅਪੀਲ ਖਾਰਜ
17 ਜਨਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 32 ਸਾਲਾ ਮੁਕੇਸ਼ ਸਿੰਘ ਦੀ ਰਹਿਮ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਸੀ। ਚੀਫ਼ ਜਸਟਿਸ ਐੱਸ.ਏ. ਬੋਬੜੇ, ਜਸਟਿਸ ਬੀ.ਆਰ. ਗਾਵਈ ਅਤੇ ਜਸਟਿਸ ਸੂਰਆਕਾਂਤ ਦੇ ਬੈਂਚ ਨੇ ਕਿਹਾ, "ਜੇ ਕਿਸੇ ਵਿਅਕਤੀ ਨੂੰ ਫਾਂਸੀ 'ਤੇ ਲਟਕਾਇਆ ਜਾਣਾ ਹੈ ਤਾਂ ਇਸ ਤੋਂ ਜ਼ਿਆਦਾ ਕੁਝ ਹੋਰ ਨਹੀਂ ਹੋ ਸਕਦਾ।"
ਫਾਂਸੀ ਨੂੰ ਪਹਿਲ ਦਿੱਤੀ ਜਾਵੇਗੀ: ਬੈਂਚ
ਬੈਂਚ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ 1 ਫ਼ਰਵਰੀ ਨੂੰ ਫਾਂਸੀ ਦੇਣੀ ਹੈ ਤਾਂ ਇਹ ਸਭ ਤੋਂ ਵੱਧ ਤਰਜ਼ੀਹ ਵਾਲੀ ਗੱਲ ਹੈ। ਬੈਂਚ ਨੇ ਸਿੰਘ ਦੇ ਵਕੀਲ ਨੂੰ ਕੇਸਾਂ ਦਾ ਹਵਾਲਾ ਦੇਣ ਲਈ ਨਿਯੁਕਤ ਕੀਤੇ ਅਧਿਕਾਰੀ ਕੋਲ ਜਾਣ ਲਈ ਕਿਹਾ, ਕਿਉਂਕਿ ਮੌਤ ਦੀ ਸਜਾ ਦੀ ਤਰੀਕ 1 ਫ਼ਰਵਰੀ ਨਿਰਧਾਰਤ ਕੀਤੀ ਗਈ ਹੈ। ਬੈਂਚ ਨੇ ਕਿਹਾ, "ਇਸ ਕੇਸ ਦੀ ਫਾਂਸੀ ਨੂੰ ਪਹਿਲ ਦਿੱਤੀ ਜਾਵੇਗੀ।" ਸਾਲ 2012 ਦੇ ਇਸ ਘਿਨਾਉਣੇ ਅਪਰਾਧ ਵਿੱਚ ਅਦਾਲਤ ਨੇ 1 ਫਰਵਰੀ ਨੂੰ ਸਵੇਰੇ 6 ਵਜੇ ਚਾਰ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਜ਼ਰੂਰੀ ਵਾਰੰਟ ਜਾਰੀ ਕੀਤਾ ਹੈ।
ਇਸ ਤੋਂ ਪਹਿਲਾ ਵੀ ਦਾਇਰ ਹੋਈਆਂ ਪਟੀਸ਼ਨਾਂ
ਮੁਕੇਸ਼ ਕੁਮਾਰ ਸਿੰਘ ਦੀ ਸੁਪਰੀਮ ਕੋਰਟ ਵਿੱਚ ਇਸ ਪਟੀਸ਼ਨ ਨੂੰ ਖ਼ਾਰਜ ਕਰਨ ਤੋਂ ਬਾਅਦ, ਉਸ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਸੀ। ਅਦਾਲਤ ਨੇ ਇੱਕ ਹੋਰ ਦੋਸ਼ੀ ਅਕਸ਼ੇ ਕੁਮਾਰ ਦੀ ਸੁਧਾਈ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਸੀ। ਇਸ ਕੇਸ ਵਿੱਚ, ਦੋ ਹੋਰ ਦੋਸ਼ੀ ਪਵਨ ਗੁਪਤਾ ਅਤੇ ਵਿਨੈ ਕੁਮਾਰ ਸ਼ਰਮਾ ਨੇ ਅਜੇ ਤੱਕ ਸੁਪਰੀਮ ਕੋਰਟ ਵਿੱਚ ਇੱਕ ਸੁਧਾਰੀ ਪਟੀਸ਼ਨ ਦਾਇਰ ਨਹੀਂ ਕੀਤੀ ਹੈ।
ਕੀ ਹੈ ਮਾਮਲਾ?
ਇਸ ਕੇਸ ਵਿੱਚ 23 ਸਾਲਾ ਨਿਰਭਯਾ ਨਾਲ ਦੱਖਣੀ ਦਿੱਲੀ ਵਿੱਚ ਇੱਕ ਚਲਦੀ ਬੱਸ ਵਿੱਚ 16-17 ਦਸੰਬਰ, 2012 ਦੀ ਰਾਤ ਨੂੰ 6 ਵਿਅਕਤੀਆਂ ਨੇ ਸਮੂਹਕ ਬਲਾਤਕਾਰ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਜ਼ਖਮੀ ਹਾਲਤ ਵਿੱਚ ਸੜਕ ‘ਤੇ ਸੁੱਟ ਦਿੱਤਾ ਸੀ। ਨਿਰਭਯਾ ਦੀ ਬਾਅਦ ਵਿੱਚ 29 ਦਸੰਬਰ ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਇਸ ਘਿਨਾਉਣੇ ਅਪਰਾਧ ਦੇ ਮੁੱਖ ਦੋਸ਼ੀ ਰਾਮ ਸਿੰਘ ਨੇ ਕਥਿਤ ਤੌਰ 'ਤੇ ਤਿਹਾੜ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਸੀ, ਜਦਕਿ ਦੂਜੇ ਦੋਸ਼ੀ ਨਾਬਾਲਗ਼ ਸੀ ਜਿਸ ਨੂੰ ਤਿੰਨ ਸਾਲਾਂ ਲਈ ਇੱਕ ਸੁਧਾਰ ਘਰ ਵਿੱਚ ਰੱਖਿਆ ਗਿਆ ਸੀ।