ਨਵੀਂ ਦਿੱਲੀ: ਦਿੱਲੀ ਦੇ ਨਿਰਭਯਾ ਸਮੁਹਿਕ ਜਬਰ ਜਨਾਹ ਤੇ ਕਤਲ ਦੇ ਮਾਮਲੇ 'ਚ 4 ਦੋਸ਼ੀਆਂ ਨੂੰ ਫ਼ਾਸੀ ਲਈ 'ਡੇਥ ਵਾਰੰਟ' 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਪਟਿਆਲਾ ਹਾਉਸ ਅਦਾਲਤ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤਾ ਹੈ।
ਸੋਮਵਾਰ ਨੂੰ ਸਵੇਰੇ 10 ਵਜੇ ਪਟਿਆਲਾ ਹਾਉਸ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰਨਗੇ। ਅਕਸ਼ੈ ਦੇ ਵਕੀਲ ਏਪੀ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਅਕਸ਼ੈ ਨੇ ਮੁਕੰਮਲ ਰਹਿਮ ਪਟੀਸ਼ਨ (ਰਹਿਮ ਦੀ ਅਪੀਲ) ਦਾਖ਼ਲ ਕੀਤੀ ਹੈ। ਅਦਾਲਤ ਨੇ ਕਿਹਾ ਕਿ ਤੁਹਾਨੂੰ ਪਹਿਲਾਂ ਹੀ ਸਾਰੀ ਪਟਿਸ਼ਨ ਦਾਖ਼ਲ ਕਰਨੀ ਚਾਹੀਦੀ ਸੀ। ਜੱਜ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਸਾਰੀ ਪਟਿਸ਼ਨ ਦਾਖ਼ਲ ਹੈ ਜਾਂ ਅਧੂਰੀ, ਪਰ ਇਹ ਤੁਹਾਡੀ ਦੂਜੀ ਰਹਿਮ ਅਪੀਲ ਹੈ।
ਤਿਹਾੜ ਜੇਲ੍ਹ ਦੇ ਵਕੀਲ ਨੇ ਕੇਸ ਨੂੰ ਲਟਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਏਪੀ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਹ ਦੋਸ਼ੀ ਪਵਨ ਵੱਲੋਂ ਮੁੜ ਤੋਂ ਵਕੀਲ ਹੋਣਗੇ। ਉਨ੍ਹਾਂ ਨੇ ਪਵਨ ਦੀ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਬਾਰੇ ਵੀ ਜਾਣਕਾਰੀ ਦਿੱਤੀ। ਤਿਹਾੜ ਜੇਲ੍ਹ ਦੇ ਵਕੀਲ ਨੇ ਕਿਹਾ ਐਡਵੋਕੇਟ ਰਵੀ ਕਾਜ਼ੀ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ ਜਿਸ ਲਈ ਉਨ੍ਹਾਂ ਨੂੰ ਪਵਨ ਪਾਸੋਂ ਬਹਿਸ ਨਹੀਂ ਕਰਨੀ ਹੈ।
ਜ਼ਿਕਰਯੋਗ ਹੈ ਕਿ ਦੋਸ਼ੀ ਪਵਨ ਕੁਮਾਰ ਗੁਪਤਾ ਨੇ 3 ਮਾਰਚ ਨੂੰ ਫਾਂਸੀ ਦੀ ਸਜ਼ਾ ਤੋਂ ਪਹਿਲਾਂ ਮੁੜ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਖ਼ਲ ਕੀਤੀ ਸੀ। ਮੁਲਜ਼ਮ ਦੇ ਵਕੀਲ ਏਪੀ ਸਿੰਘ ਨੇ ਦੱਸਿਆ ਕਿ ਪਵਨ ਨੇ ਆਪਣੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕੀਤੇ ਜਾਣ ਲਈ ਇਹ ਪਟੀਸ਼ਨ ਦਾਖਲ ਕੀਤੀ। ਮੁਲਜ਼ਮ ਦੇ ਵਕੀਲ ਨੇ ਇਹ ਦਾਅਵਾ ਕੀਤਾ ਹੈ ਕਿ ਸੁਧਾਰਾਤਮਕ ਪਟੀਸ਼ਨ ਪਾਉਣ ਵਾਲਾ ਪਵਨ ਚਾਰਾਂ ਦੋਸ਼ੀਆਂ ਵਿੱਚੋਂ ਇੱਕਲਾ ਹੈ, ਤੇ ਉਸ ਨੇ ਰਾਸ਼ਟਰਪਤੀ ਕੋਲ ਪਟੀਸ਼ਨ ਦੇਣ ਦੇ ਵਿਕਲਪ ਦੀ ਵਰਤੋਂ ਅਜੇ ਤੱਕ ਨਹੀਂ ਕੀਤੀ ਹੈ।
ਦੱਖਣੀ ਦਿੱਲੀ ਵਿੱਚ 16-17 ਦਸੰਬਰ 2012 ਦੀ ਰਾਤ ਨੂੰ 6 ਵਿਅਕਤੀਆਂ ਨੇ ਚਲਦੀ ਬੱਸ 'ਚ ਨਿਰਭਯਾ ਨਾਲ ਸਮੁਹਿਕ ਜਬਰ ਜਨਾਹ ਕੀਤਾ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਸੜਕ 'ਤੇ ਸੁੱਟ ਦਿੱਤਾ ਗਿਆ ਸੀ। ਨਿਰਭਯਾ ਦੀ ਬਾਅਦ ਵਿੱਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਇਸ ਸਨਸਨੀਖੇਜ਼ ਜੁਰਮ ਦੇ 6 ਦੋਸ਼ੀਆਂ ਵਿਚੋਂ ਇੱਕ, ਰਾਮ ਸਿੰਘ ਨੇ ਕਥਿਤ ਤੌਰ 'ਤੇ ਤਿਹਾੜ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਜਦਕਿ ਛੇਵਾਂ ਦੋਸ਼ੀ ਇੱਕ ਨਬਾਲਗ਼ ਸੀ, ਜਿਸ ਨੂੰ ਸਾਲ 2015 ਵਿੱਚ ਤਿੰਨ ਸਾਲ ਸੁਧਾਰ ਘਰ ਵਿੱਚ ਰੱਖਣ ਤੋਂ ਬਾਅਦ ਰਿਹਾ ਕੀਤਾ ਗਿਆ ਸੀ।