ਨਵੀਂ ਦਿੱਲੀ: ਐਨਆਈਏ ਦੀ ਟੀਮ ਨੇ ਲਸ਼ਕਰ-ਏ-ਤੋਇਬਾ ਦੀ 22 ਸਾਲਾ ਹੈਂਡਲਰ ਮਹਿਲਾ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ, ਐਨਆਈਏ ਦੀ ਟੀਮ ਨੇ ਮਹਿਲਾ ਜਾਸੂਸਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਕਿਹਾ ਕਿ ਇਸ ਪਾਕਿਸਤਾਨ ਜਾਸੂਸ ਦੇ ਹੋਰ ਅੱਤਵਾਦੀਆਂ ਨਾਲ ਸੰਪਰਕ ਵਿੱਚ ਸੀ। ਦਿੱਲੀ ਵਿੱਚ ਐਨਆਈਏ ਸੂਤਰਾਂ ਅਨੁਸਾਰ ਤਾਨੀਆ ਪ੍ਰਵੀਨ ਨੂੰ ਕੁਝ ਹਫ਼ਤੇ ਪਹਿਲਾਂ ਖੁਫੀਆ ਏਜੰਸੀਆਂ ਨੇ ਹਿਰਾਸਤ ਵਿੱਚ ਲਿਆ ਸੀ। ਉਹ ਮਲਟੀਪਲ ਸਿਮ ਕਾਰਡਾਂ ਦੀ ਵਰਤੋਂ ਕਰਕੇ ਪਾਕਿਸਤਾਨ ਵਿੱਚ ਦੂਜੇ ਹੈਂਡਲਰਾਂ ਨਾਲ ਸੰਪਰਕ 'ਚ ਸੀ।
ਸੂਤਰ ਮੁਤਾਬਿਕ ਉਸ ਨੂੰ ਭਾਰਤੀ ਸਿਮ ਵੀ ਵੰਡੇ ਗਏ ਹਨ ਤੇ ਵਟਸਐਪ ਸਮੂਹਾਂ ਰਾਹੀਂ ਸੰਪਰਕ ਵੀ ਕੀਤਾ ਗਿਆ ਹੈ। ਐਨਆਈਏ ਨੇ ਪ੍ਰਵੀਨ ਨੂੰ 10 ਦਿਨਾਂ ਦੀ ਹਿਰਾਸਤ 'ਚ ਲੈ ਲਿਆ ਹੈ ਅਤੇ ਅੱਤਵਾਦ ਰੋਕੂ ਏਜੰਸੀ ਦੀ ਇਕ ਟੀਮ ਉਸ ਕੋਲੋਂ ਕੋਲਕਾਤਾ ਦਫ਼ਤਰ 'ਚ ਪੁੱਛਗਿੱਛ ਕਰੇਗੀ।
ਐਨਆਈਏ ਨੇ ਹਾਲ ਹੀ 'ਚ ਇਸ ਮਾਮਲੇ ਦੀ ਜਾਂਚ ਨੂੰ ਆਪਣੇ ਹੱਥ ਵਿੱਚ ਲਿਆ ਹੈ ਅਤੇ ਪਾਬੰਦੀਸ਼ੁਦਾ ਪਾਕਿਸਤਾਨ ਅੱਤਵਾਦੀ ਸੰਗਠਨਾਂ ਲਈ ਦੇਸ਼ ਵਿੱਚ ਕੰਮ ਕਰ ਰਹੀਆਂ ਮਹਿਲਾ ਜਾਸੂਸਾਂ ਦੇ ਨੈੱਟਵਰਕ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ।