ਲਖਨਊ: ਮਹੀਨੇ ਦੀ ਇੱਕ ਤਰੀਕ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੁੰਦੇ ਹਨ। ਕੁੱਝ ਬੈਂਕਾਂ ਨੇ ਘੱਟੋ ਘੱਟ ਬਕਾਇਆ ਨਾ ਰੱਖਣ ਲਈ ਫੀਸ ਵਸੂਲਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅਨਲੌਕ-3 ਦੇ ਨਵੇਂ ਦਿਸ਼ਾ ਨਿਰਦੇਸ਼ ਵੀ ਅੱਜ ਤੋਂ ਲਾਗੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੇਵਿੰਗ ਅਕਾਊਂਟ ਉੱਤੇ ਵਿਆਜ ਦਰ, ਈਪੀਐਫ ਵਿੱਚ ਯੋਗਦਾਨ, ਸੁਕਨਿਆ ਸਮਰਿਤੀ ਯੋਜਨਾ, ਦੋ ਪਹੀਆ ਅਤੇ ਚਾਰ ਪਹੀਆ ਵਾਹਨ ਖਰੀਦਣ ਅਤੇ ਈ-ਕਾਮਰਸ ਕੰਪਨੀਆਂ ਨਾਲ ਜੁੜੇ ਨਿਯਮ ਵੀ ਸ਼ਾਮਲ ਹਨ।
ਈਪੀਐਫ ਵਿੱਚ ਹੋਵੇਗਾ ਬਦਲਾਅ
ਕੋਰੋਨਾ ਦੇ ਸੰਕਟ ਨੂੰ ਦੇਖਦੇ ਹੋਏ ਮਜ਼ਦੂਰ ਤੇ ਰੁਜ਼ਗਾਰ ਮੰਤਰਾਲੇ ਨੇ ਕਰਮਚਾਰੀ ਭਵਿੱਖ ਫੰਡ ਯੋਗਦਾਨ ਨੂੰ 3 ਮਹੀਨਿਆਂ ਲਈ ਘਟਾਉਣ ਦਾ ਫੈਸਲਾ ਕੀਤਾ ਸੀ, ਜੋ ਕਿ 31 ਜੁਲਾਈ ਨੂੰ ਪੂਰਾ ਹੋ ਗਿਆ ਹੈ। 1 ਅਗਸਤ ਤੋਂ, ਯੋਗਦਾਨ ਕਰਮਚਾਰੀ ਅਤੇ ਮਾਲਕ ਦੇ ਲਈ ਫਿਰ ਤੋਂ 12-12 ਪ੍ਰਤੀਸ਼ਤ ਲਾਗੂ ਹੋਵੇਗਾ।
ਘੱਟੋ-ਘੱਟ ਬਕਾਇਆ ਨਾ ਰੱਖਣਾ ਪਵੇਗਾ ਭਾਰੀ
ਕੁਝ ਬੈਂਕਾਂ ਨੇ ਇਸ ਮਹੀਨੇ ਤੋਂ ਬੱਚਤ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਾ ਰੱਖਣ ਉੱਤੇ ਜ਼ੁਰਮਾਨਾ ਵਸੂਲਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚ ਐਕਸਿਸ ਬੈਂਕ, ਬੈਂਕ ਆਫ਼ ਮਹਾਰਾਸ਼ਟਰ, ਕੋਟਕ ਮਹਿੰਦਰਾ ਬੈਂਕ ਅਤੇ ਆਰਬੀਐਲ ਬੈਂਕ ਸ਼ਾਮਲ ਹਨ। ਘੱਟ ਬਕਾਇਆ ਰਹਿਣ ਦੀ ਸਥਿਤੀ ਵਿੱਚ, ਇਹ ਬੈਂਕ ਖਾਤਾ ਧਾਰਕ ਤੋਂ 75 ਰੁਪਏ ਤੱਕ ਚਾਰਜ ਕਰਨਗੇ।
ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਹੋਵੇਗਾ ਬਦਲਾਅ
ਮਹੀਨੇ ਦੀ 1 ਤਰੀਕ ਤੋਂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਬਦਲ ਰਹੀਆਂ ਹਨ। ਪਿਛਲੇ 2 ਮਹੀਨਿਆਂ ਤੋਂ ਕੰਪਨੀਆਂ ਆਪਣੀਆਂ ਕੀਮਤਾਂ ਵਿੱਚ ਵਾਧਾ ਕਰ ਰਹੀਆਂ ਹਨ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਹਰ ਮਹੀਨੇ ਦੀ 1 ਤਾਰੀਖ ਨੂੰ ਸਮੀਖਿਆ ਕੀਤੀ ਜਾਂਦੀ ਹੈ।
ਅੱਜ ਤੋਂ ਲਾਗੂ ਹੋਵੇਗਾ ਅਨਲੌਕ 3.0
ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਦੌਰਾਨ, ਕੇਂਦਰ ਸਰਕਾਰ ਪੜਾਅ ਵਾਰ ਗਤੀਵਿਧੀਆਂ ਸ਼ੁਰੂ ਕਰ ਰਹੀ ਹੈ। ਅਨਲੌਕ-03 ਦਾ ਪੜਾਅ 1 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਲਈ ਗ੍ਰਹਿ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਿਆਂ ਵਿੱਚ ਤਾਲਾਬੰਦੀ ਖੋਲ੍ਹ ਦਿੱਤੀ ਜਾਵੇਗੀ।
ਸੁਕੰਨਿਆ ਸਮਰਿਤੀ ਯੋਜਨਾ ਵਿਚ ਰਾਹਤ ਨਹੀਂ ਮਿਲੇਗੀ
ਕੋਰੋਨਾ ਸੰਕਟ ਦੇ ਸਮੇਂ, ਸਰਕਾਰ ਨੇ ਐਲਾਨ ਕੀਤਾ ਸੀ ਕਿ 25 ਮਾਰਚ ਤੋਂ 30 ਜੂਨ, 2020 ਦੇ ਦੌਰਾਨ ਜਿਹੜੀਆਂ ਵੀ ਕੁੜੀਆਂ 10 ਸਾਲ ਦੀ ਹੋ ਗਈਆਂ ਹਨ ਉਨ੍ਹਾਂ ਦਾ ਸੁਕਨਿਆ ਸਮਰਿਤੀ ਯੋਜਨਾ ਖਾਤਾ 31 ਜੁਲਾਈ ਤੱਕ ਖੋਲ੍ਹਿਆ ਜਾ ਸਕਦਾ ਹੈ।1 ਅਗਸਤ ਤੋਂ ਇਸ ਦਾ ਕੋਈ ਲਾਭ ਨਹੀਂ ਹੋਵੇਗਾ।
ਕਾਮਰਸ ਕੰਪਨੀਆਂ ਸੰਬੰਧੀ ਨਵੇਂ ਨਿਯਮ
ਕੇਂਦਰ ਦੀ ਮੋਦੀ ਸਰਕਾਰ ਨੇ ਈ-ਕਾਮਰਸ ਕੰਪਨੀਆਂ ਸੰਬੰਧੀ ਨਵੇਂ ਨਿਯਮ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਈ-ਕਾਮਰਸ ਕੰਪਨੀਆਂ 'ਤੇ ਮਿਲਣ ਵਾਲੇ ਉਤਪਾਦ 'ਤੇ ਇਹ ਲਿਖਣਾ ਜ਼ਰੂਰੀ ਹੋ ਗਿਆ ਹੈ ਕਿ ਇਹ ਸਮਾਨ ਕਿੱਥੇ ਬਣਿਆ ਹੈ, ਜੇਕਰ ਕੋਈ ਕੰਪਨੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਸਸਤਾ ਹੋਵੇਗਾ ਵਾਹਨ ਖਰੀਦਣਾ
ਨਵੇਂ ਦੋ ਪਹੀਆ ਵਾਹਨ ਅਤੇ ਚੌ ਪਹੀਆ ਵਾਹਨ ਖਰੀਦਣਾ ਹੁਣ ਸਸਤਾ ਹੋਵੇਗਾ। ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ 1 ਅਗਸਤ ਤੋਂ ਮੋਟਰ ਥਰਡ ਪਾਰਟੀ ਅਤੇ ਓਨ ਡੈਮੇਜ ਇੰਸ਼ੋਰੈਂਸ 'ਚ ਬਦਲਾਅ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਦੋ ਪਹੀਆ ਵਾਹਨ ਖਰੀਦਣ ਲਈ ਤੀਜੀ ਧਿਰ ਦੇ ਬੀਮੇ ਦਾ ਪੰਜ ਸਾਲ ਲੈਣਾ ਲਾਜ਼ਮੀ ਨਹੀਂ ਹੋਵੇਗਾ।