ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਐਨਟੀਏ ਨੇ ਜੇਈਈ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਕਰਵਾਉਣ ਲਈ ਪੂਰੀ ਤਿਆਰੀ ਕਰ ਲਈ ਹੈ। ਇਨ੍ਹਾਂ ਦੋਵਾਂ ਪ੍ਰੀਖਿਆਵਾਂ ਲਈ ਆਨਲਾਈਨ ਦਾਖਲਾ ਕਾਰਡ ਜਾਰੀ ਕਰ ਦਿੱਤੇ ਗਏ ਹਨ। 9 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਲਈ ਦਾਖਲਾ ਕਾਰਡ ਡਾਊਨਲੋਡ ਕੀਤੇ ਹਨ। ਹਾਲਾਂਕਿ ਅਜੇ ਵੀ 6 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਾਖਲਾ ਕਾਰਡ ਡਾਊਨਲੋਡ ਨਹੀਂ ਕੀਤੇ ਹਨ।
ਐਨਟੀਏ ਦੇ ਡਾਇਰੈਕਟਰ ਜਨਰਲ ਵਿਨੀਤ ਜੋਸ਼ੀ ਨੇ ਕਿਹਾ, "15.97 ਲੱਖ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਲਈ ਫਾਰਮ ਭਰੇ ਹਨ। ਇਨ੍ਹਾਂ ਵਿੱਚੋਂ 9,94,198 ਵਿਦਿਆਰਥੀਆਂ ਨੇ ਆਨਲਾਈਨ ਦਾਖਲਾ ਕਾਰਡ ਡਾਊਨਲੋਡ ਕੀਤੇ ਹਨ। ਜੇਈਈ ਦੀ ਪ੍ਰੀਖਿਆ ਲਈ 8.58 ਲੱਖ ਵਿਦਿਆਰਥੀਆਂ ਵਿੱਚੋਂ 7,49,408 ਵਿਦਿਆਰਥੀਆਂ ਨੇ ਆਨਲਾਈਨ ਦਾਖਲਾ ਕਾਰਡ ਡਾਊਨਲੋਡ ਕੀਤੇ ਹਨ।"
ਹੁਣ ਤੱਕ 332 ਵਿਦਿਆਰਥੀਆਂ ਨੇ ਆਪਣੇ ਪ੍ਰੀਖਿਆ ਕੇਂਦਰਾਂ ਦਾ ਸ਼ਹਿਰ ਬਦਲਣ ਦੀ ਮੰਗ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਅਨੁਸਾਰ ਉਨ੍ਹਾਂ ਨੂੰ ਦਿੱਤਾ ਗਿਆ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਮੌਜੂਦਾ ਸ਼ਹਿਰ ਤੋਂ ਬਾਹਰ ਹੈ। ਸਿੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਇਸ ਮੰਗ ਨੂੰ ਸਕਾਰਾਤਮਕ ਵਿਚਾਰ ਕੀਤਾ ਜਾ ਰਿਹਾ ਹੈ।
ਜੇਈਈ ਅਤੇ ਨੀਟ ਦੀ ਪ੍ਰੀਖਿਆਵਾਂ ਕਰਾਉਣ ਵਾਲੇ ਐਨਟੀਏ ਦੇ ਅਨੁਸਾਰ, "ਇੱਕ ਵਿੱਦਿਅਕ ਕੈਲੰਡਰ ਸਾਲ ਅਤੇ ਉਮੀਦਵਾਰਾਂ ਦੇ ਇੱਕ ਸਾਲ ਦੀ ਬਚਤ ਕਰਨ ਲਈ ਦਾਖਲਾ ਪ੍ਰੀਖਿਆਵਾਂ ਕਰਵਾਉਣਾ ਜ਼ਰੂਰੀ ਹੈ। ਜੇਕਰ ਇਸ ਨੂੰ ਜ਼ੀਰੋ ਸਾਲ ਮੰਨਿਆ ਜਾਂਦਾ ਹੈ, ਤਾਂ ਸਾਡਾ ਸਿਸਟਮ ਇੱਕ ਸੈਸ਼ਨ ਵਿੱਚ ਦੋ ਸਾਲ ਦੇ ਉਮੀਦਵਾਰਾਂ ਨੂੰ ਕਿਵੇਂ ਐਡਜਸਟ ਕਰੇਗਾ।"
ਜੇਈਈ (ਮੇਨ) ਦੀ ਪ੍ਰੀਖਿਆ 1 ਤੋਂ 6 ਸਤੰਬਰ ਦੇ ਵਿਚਕਾਰ ਹੋਵੇਗੀ ਅਤੇ ਨੀਟ ਦੀ ਪ੍ਰੀਖਿਆ 13 ਸਤੰਬਰ ਨੂੰ ਹੋਵੇਗੀ। ਜੇਈਈ ਐਡਵਾਂਸਡ ਪ੍ਰੀਖਿਆ 27 ਸਤੰਬਰ ਨੂੰ ਹੋਵੇਗੀ। ਇਨ੍ਹਾਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਦੇਸ਼ ਭਰ ਵਿੱਚ ਮੰਗ ਉੱਠ ਰਹੀ ਹੈ। ਵਿਰੋਧੀ ਧਿਰਾਂ ਨੇ ਤਾਂ ਪ੍ਰੀਖਿਆਵਾਂ ਮੁਲਤਵੀ ਕਰਵਾਉਣ ਲੀ ਸੁਪਰੀਮ ਕੋਰਟ ਜਾਣ ਦੀ ਗੱਲ ਆਖੀ ਹੈ।