ਭੋਪਾਲ: ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਲਈ ਕਾਂਗਰਸ ਨੇ ਸ਼ਨੀਵਾਰ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਸਚਿਨ ਪਾਇਲਟ ਮੁੱਖ ਪ੍ਰਚਾਰਕ ਵੱਜੋਂ ਹੋਣਗੇ। ਇਸਤੋਂ ਇਲਾਵਾ ਮੱਧ ਪ੍ਰਦੇਸ਼ ਦੇ ਨੇਤਾਵਾਂ ਨੂੰ ਇਸ ਸੂਚੀ ਵਿੱਚ ਜ਼ਿਆਦਾ ਥਾਂ ਦਿੱਤੀ ਗਈ ਹੈ।
ਕਾਂਗਰਸ ਨੇ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ, ਉਸ ਵਿੱਚ ਰਾਹੁਲ ਗਾਂਧੀ, ਮੱਧ ਪ੍ਰਦੇਸ਼ ਦੇ ਇੰਚਾਰਜ ਜਨਰਲ ਸਕੱਤਰ ਮੁਕੁਲ ਵਾਸਨਿਕ, ਸਾਬਕਾ ਮੁੱਖ ਮੰਤਰੀ ਕਮਲਨਾਥ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਉਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ, ਨਵਜੋਤ ਸਿੰਘ ਸਿੱਧੂ, ਸਚਿਨ ਪਾਇਲਟ, ਅਸ਼ੋਕ ਚੌਹਾਨ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ, ਰਣਦੀਪ ਸਿੰਘ ਸੁਰਜੇਵਾਲਾ, ਕਾਂਤੀਲਾਲ ਭੂਰੀਆ, ਸੁਰੇਸ਼ ਪਚੌਰੀ, ਅਰੁਣ ਯਾਦਵ, ਵਿਵੇਦ ਤੰਖਾ, ਰਾਜਮਨੀ ਪਟੇਲ, ਅਜੇ ਸਿੰਘ, ਆਰਿਫ਼ ਅਕੀਲ, ਸੱਜਣ ਸਿੰਘ ਵਰਮਾ, ਜੀਤੂ ਪਟਵਾਰੀ, ਜੈਵਰਧਨ ਸਿੰਘ, ਪ੍ਰਦੀਪ ਜੈਨ, ਲਖਨ ਸਿੰਘ ਯਾਦਵ, ਡਾ. ਗੋਵਿੰਦ ਸਿੰਘ, ਨਾਮਦੇਵ ਦਾਸ ਤਿਆਗੀ, ਆਚਾਰੀਆ ਪ੍ਰਮੋਦ ਕ੍ਰਿਸ਼ਨ, ਸਾਧਵੀ ਭਾਰਤੀ, ਆਰਿਫ਼ ਮਸੂਦ, ਸਿਧਾਰਥ ਕੁਸ਼ਵਾਹਾ ਅਤੇ ਕਮਲੇਸ਼ਵਰ ਪਟੇਲ ਦਾ ਸਥਾਨ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਦੇ ਮੱਧ ਪ੍ਰਦੇਸ਼ ਵਿੱਚ ਪ੍ਰਚਾਰ ਕਰਨ ਦੀ ਸੰਭਾਵਨਾ ਕਾਫੀ ਘੱਟ ਹੈ। ਹਾਲਾਂਕਿ ਉਨ੍ਹਾਂ ਦਾ ਨਾਂਅ ਸੂਚੀ ਵਿੱਚ ਪਹਿਲੇ ਥਾਂ 'ਤੇ ਰੱਖਿਆ ਗਿਆ ਹੈ, ਉਥੇ ਪ੍ਰਿਯੰਕਾ ਗਾਂਧੀ ਉਪ ਚੋਣਾਂ ਦੌਰਾਨ ਗਵਾਲੀਅਰ ਚੰਬਲ ਇਲਾਕੇ ਤੋਂ ਧਾਰਮਿਕ ਯਾਤਰਾ ਲਈ ਲੰਘ ਸਕਦੀ ਹੈ ਅਤੇ ਉਨ੍ਹਾਂ ਦਾ ਰੋਡ ਸ਼ੋਅ ਕੀਤਾ ਜਾ ਸਕਦਾ ਹੈ।
ਗਵਾਲੀਅਰ ਚੰਬਲ ਵਿੱਚ ਗੁੱਜਰ ਵੋਟਾਂ ਨੂੰ ਭੁਨਾਉਣ ਲਈ ਸਚਿਨ ਪਾਇਲਟ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਭਾਰੀ ਮੰਗ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਉਪ ਚੋਣਾਂ ਵਿੱਚ ਵੀ ਸਟਾਰ ਪ੍ਰਚਾਰਕ ਬਣਾਇਆ ਗਿਆ ਹੈ।