ਨਵੀਂ ਦਿੱਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੌਰੇ ਤੋਂ ਪਰਤ ਆਏ ਹਨ। ਉਨ੍ਹਾਂ ਦੇ ਵਾਪਸ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਦਿੱਲੀ ਲਈ ਰਵਾਨਾ ਹੋ ਗਏ ਹਨ। ਅਜਿਹੀ ਜਾਣਕਾਰੀ ਹੈ ਕਿ ਸਿੱਧੂ ਨੇ ਦਿੱਲੀ ਪੁੱਜਦਿਆਂ ਹੀ ਕਈ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰ ਲਈ ਹੈ।
ਦੱਸਣਯੋਗ ਹੈ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੀ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਜਿਹੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਸਿੱਧੂ ਦੇ ਅਸਤੀਫ਼ੇ 'ਤੇ ਫ਼ੈਸਲਾ ਲੈ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ 6 ਜੂਨ ਨੂੰ ਸਿੱਧੂ ਸਣੇ 13 ਮੰਤਰੀਆਂ ਦੇ ਵਿਭਾਗ ਬਦਲੇ ਸਨ ਅਤੇ ਇਸ ਤੋਂ ਬਾਅਦ ਸਿੱਧੂ ਨੇ ਨਵਾਂ ਦਿੱਤਾ ਗਿਆ ਬਿਜਲੀ ਮੰਤਰਾਲਾ ਨਹੀਂ ਸੰਭਾਲਿਆ ਸੀ। ਸਿੱਧੂ ਨੇ 10 ਜੂਨ ਨੂੰ ਮੰਤਰੀ ਦਾ ਅਹੁਦਾ ਛੱਡਣ ਦਾ ਦਾਅਵਾ ਕੀਤਾ ਸੀ। ਇਸ ਦਾ ਖ਼ੁਲਾਸਾ ਉਨ੍ਹਾਂ ਇੱਕ ਮਹੀਨਾ ਪਹਿਲਾਂ ਹੀ ਕੀਤਾ ਸੀ।
ਸਿੱਧੂ ਦਾ ਦਿੱਲੀ ਦੌਰਾ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਕੈਪਟਨ ਨੇ ਵੀ ਅਸਤੀਫ਼ੇ 'ਤੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਨਵਾਂ ਹੋਵੇਗਾ।