ਅਹਿਮਦਾਬਾਦ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭੀੜ ਭਰੇ ਅਹਿਮਦਾਬਾਦ ਕ੍ਰਿਕਟ ਸਟੇਡੀਅਮ ਤੋਂ 'ਨਮਸਤੇ ਟਰੰਪ' ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਭਾਰਤ ਦੇ ਸਭ ਤੋਂ ਵੱਡੇ ਸਟੇਡੀਅਮ ਤੋਂ ਟਰੰਪ ਨੇ ਪਾਕਿਸਤਾਨ ਅਤੇ ਸਰਹੱਦ ਪਾਰ ਅੱਤਵਾਦ 'ਤੇ ਹਮਲਾ ਕੀਤਾ।
ਅੱਤਵਾਦ 'ਤੇ ਟਰੰਪ ਨੇ ਕਿਹਾ ਕਿ ਸਾਡਾ ਪ੍ਰਸ਼ਾਸਨ ਅੱਤਵਾਦ ਵਿਰੁੱਧ ਸਖ਼ਤ ਕਾਰਵਾਈ ਕਰ ਰਿਹਾ ਹੈ, ਅਸੀਂ ਪਾਕਿਸਤਾਨ 'ਤੇ ਵੀ ਦਬਾਅ ਬਣਾਇਆ ਹੈ। ਪਾਕਿਸਤਾਨ ਨੂੰ ਅੱਤਵਾਦ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਹਰ ਦੇਸ਼ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਟੇਰਾ ਸਟੇਡੀਅਮ 'ਚ ਆਪਣੇ ਸੰਬੋਧਨ ਦੀ ਸ਼ੁਰੂਆਤ ਨਮਸਤੇ ਕਹਿ ਕੇ ਕੀਤੀ। ਟਰੰਪ ਨੇ ਕਿਹਾ ਕਿ ਭਾਰਤ ਆਉਣਾ ਮਾਣ ਵਾਲੀ ਗੱਲ ਹੈ। ਨਰਿੰਦਰ ਮੋਦੀ ਇੱਕ ਚੈਂਪੀਅਨ ਹਨ, ਜੋ ਭਾਰਤ ਨੂੰ ਵਿਕਾਸ ਦੀ ਦਿਸ਼ਾ ਵੱਲ ਲਿਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਤੇ ਮੇਲਾਨੀਆ 8000 ਮੀਲ ਦੀ ਦੂਰੀ ਤੈਅ ਕਰਕੇ ਇੱਥੇ ਪਹੁੰਚੇ ਹਨ। ਅਮਰੀਕਾ ਭਾਰਤ ਦਾ ਦੋਸਤ ਹੈ। ਅਮਰੀਕਾ ਭਾਰਤ ਦਾ ਸਤਿਕਾਰ ਤੇ ਸਨਮਾਨ ਕਰਦਾ ਹੈ।
ਡੋਨਾਲਡ ਟਰੰਪ ਨੇ ਆਪਣੇ ਸੰਬੋਧਨ ਵਿੱਚ ਕਿਹਾ, "5 ਮਹੀਨੇ ਪਹਿਲਾਂ ਅਮਰੀਕਾ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ ਸੀ, ਅੱਜ ਭਾਰਤ ਸਾਡਾ ਸਵਾਗਤ ਕਰ ਰਿਹਾ ਹੈ, ਜੋ ਸਾਡੇ ਲਈ ਖੁਸ਼ੀ ਦੀ ਗੱਲ ਹੈ। ਅੱਜ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ 'ਚ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡਾ ਸਵਾਗਤ ਕੀਤਾ। ਅੱਜ ਤੋਂ ਭਾਰਤ ਸਾਡਾ ਸਭ ਤੋਂ ਅਹਿਮ ਦੋਸਤ ਹੋਵੇਗਾ।"
ਇਸ ਦੌਰਾਨ ਡੋਨਾਲਡ ਟਰੰਪ ਨੇ ਮੋਦੀ ਸਰਕਾਰ ਦੀਆਂ ਕਈ ਯੋਜਨਾਵਾਂ ਜਿਵੇਂ ਉਜਵਲ ਯੋਜਨਾ, ਇੰਟਰਨੈਟ ਸਹੂਲਤ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜ਼ਿਕਰ ਕੀਤਾ। ਯੂਐਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਇਕ ਵੱਡੀ ਤਾਕਤ ਵਜੋਂ ਉੱਭਰ ਰਿਹਾ ਹੈ, ਜੋ ਕਿ ਇਸ ਸਦੀ ਦੀ ਸਭ ਤੋਂ ਵੱਡੀ ਚੀਜ਼ ਹੈ।
ਟਰੰਪ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਸਤੀ ਦੇ ਨਾਲ-ਨਾਲ ਵਪਾਰ ਦੇ ਖੇਤਰ ਵਿੱਚ ਅੱਗੇ ਵੱਧ ਰਹੇ ਹਨ। ਮੈਂ ਅਤੇ ਮੇਲਾਨੀਆ ਅੱਜ ਮਹਾਤਮਾ ਗਾਂਧੀ ਆਸ਼ਰਮ ਗਏ, ਜਿੱਥੇ ਗਾਂਧੀ ਜੀ ਨੇ ਨਮਕ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਅੱਜ ਅਸੀਂ ਤਾਜ ਮਹਿਲ ਦਾ ਵੀ ਦੌਰਾ ਕਰਾਂਗੇ।
ਪੀਐੱਮ ਨਰਿੰਦਰ ਮੋਦੀ ਨੇ ਆਪਣੇ ਸਬੋਧਨ 'ਚ ਕਿਹਾ....
ਇਸ ਤੋਂ ਪਹਿਲਾ ਟਰੰਪ ਦੇ ਸਵਾਗਤ 'ਚ ਪੀਐੱਮ ਨਰਿੰਦਰ ਮੋਦੀ ਨੇ ਕਿਹਾ, "ਅੱਜ ਮੋਟੇਰਾ ਸਟੇਡੀਅਮ 'ਚ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਹਵਾਈ ਅੱਡੇ ਤੋਂ ਲੈ ਕੇ ਇੱਥੇ ਤੱਕ ਹਰ ਥਾਂ ਭਾਰਤ ਦੀ ਵਿਲੱਖਣਤਾ ਦਿਖਾਈ ਦੇ ਰਹੀ ਹੈ। ਇਸ ਪ੍ਰੋਗਰਾਮ ਦਾ ਨਾਂਅ 'ਨਮਸਤੇ ਟਰੰਪ' ਦਾ ਮਤਲਬ ਕਾਫ਼ੀ ਡੂੰਘਾ ਹੈ। ਇਹ ਨਾਂਅ ਸੰਸਕ੍ਰਿਤ ਤੋਂ ਲਿਆ ਗਿਆ ਹੈ। ਮੈਂ ਆਪਣੇ ਸੂਬੇ ਦੇ ਲੋਕਾਂ ਨੂੰ ਸ਼ਾਨਦਾਰ ਸਮਾਗਮ ਲਈ ਵਧਾਈ ਦਿੰਦਾ ਹਾਂ।"
ਅੱਜ, ਉਹ ਦੇਸ਼ ਜੋ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਉਹ ਦੇਸ਼ ਅਮਰੀਕਾ ਹੈ। ਅੱਜ, ਜਿਸ ਦੇਸ਼ ਨਾਲ ਭਾਰਤੀ ਫ਼ੌਜਾਂ ਸਭ ਤੋਂ ਵੱਧ ਜੰਗ ਦਾ ਅਭਿਆਸ ਕਰ ਰਹੀਆਂ ਹਨ, ਉਹ ਹੈ ਅਮਰੀਕਾ। ਅੱਜ ਉਹ ਦੇਸ਼ ਜਿਸ ਦੇ ਨਾਲ ਭਾਰਤ ਦੀ ਸਭ ਤੋਂ ਵਿਆਪਕ ਖੋਜ ਅਤੇ ਵਿਕਾਸ ਦੀ ਭਾਈਵਾਲੀ ਹੈ- ਉਹ ਹੈ ਅਮਰੀਕਾ।
ਪੀਐਮ ਮੋਦੀ ਨੇ ਕਿਹਾ, ਭਾਰਤ ਨੇ ਸਭ ਤੋਂ ਵੱਧ ਸੈਟੇਲਾਈਟ ਭੇਜਣ ਦਾ ਰਿਕਾਰਡ ਬਣਾਇਆ ਹੈ। ਸਾਡੀ ਦੋਸਤੀ ਦਾ ਦਾਇਰਾ ਹਰ ਖੇਤਰ ਵਿੱਚ ਵੱਧਦਾ ਜਾ ਰਿਹਾ ਹੈ। ਨਵੀਆਂ ਚੁਣੌਤੀਆਂ ਤਬਦੀਲੀ ਦੀ ਨੀਂਹ ਰੱਖ ਰਹੀਆਂ ਹਨ। ਦਹਾਕੇ ਦੀ ਸ਼ੁਰੂਆਤ ਵਿੱਚ ਟਰੰਪ ਦੀ ਭਾਰਤ ਫੇਰੀ ਇੱਕ ਸਨਮਾਨ ਵਾਲੀ ਗੱਲ ਹੈ। ਅਮਰੀਕਾ ਭਾਰਤ ਦਾ ਸਭ ਤੋਂ ਭਰੋਸੇਮੰਦ ਸਾਥੀ ਹੈ। ਅਸੀਂ ਅੱਤਵਾਦ ਨੂੰ ਹਰਾਉਣ ਵਿੱਚ ਇਕੱਠੇ ਹਾਂ। ਦੋਵਾਂ ਦੇਸ਼ਾਂ ਦਾ ਡਿਜੀਟਲ ਸਹਿਯੋਗ ਵਧੇਗਾ।
ਸਾਬਰਮਤੀ ਆਸ਼ਰਮ 'ਚ ਟਰੰਪ ਨੇ ਚਲਾਇਆ ਚਰਖਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਮੇਲਾਨੀਆ ਟਰੰਪ ਨੇ ਸਾਬਰਮਤੀ ਆਸ਼ਰਮ ਵਿਖੇ ਚਰਖਾ ਚਲਾਇਆ। ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਅਤੇ ਸੂਤ ਵੀ ਕੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਮੇਲਾਨੀਆ ਟਰੰਪ ਸਾਬਰਮਤੀ ਆਸ਼ਰਮ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਮਹਾਤਮਾ ਗਾਂਧੀ ਦੀ ਤਸਵੀਰ 'ਤੇ ਧਾਗੇ ਦੀ ਮਾਲਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ।
ਦੱਸਣਯੋਗ ਹੈ ਕਿ ਟਰੰਪ ਦੇ ਸਵਾਗਤ 'ਚ ਸੜਕ ਦੇ ਦੋਵੇਂ ਪਾਸੇ 28 ਸੂਬਿਆਂ ਦੀਆਂ ਝਾਂਕੀਆਂ ਸਜਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਟਰੰਪ ਦੇ ਸਵਾਗਤ ਲਈ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਟਰੰਪ ਨੂੰ ਜੱਫ਼ੀ ਪਾ ਕੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਟਰੰਪ ਭਾਰਤ ਦੌਰੇ ’ਤੇ ਆਉਣ ਵਾਲੇ 7ਵੇਂ ਅਮਰੀਕੀ ਰਾਸ਼ਟਰਪਤੀ ਹਨ। ਟਰੰਪ ਦਾ ਇਹ ਪਹਿਲਾ ਭਾਰਤ ਦੌਰਾ ਹੈ।