ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਸਿਰਫ ਫਾਇਦਾ ਚੁੱਕਣ ਦਾ ਸਸਤਾ ਤਰੀਕਾ ਹੈ। ਦਰਅਸਲ ਭੁਪੇਨ ਹਜ਼ਾਰਿਕਾ ਦੇ ਬੇਟੇ ਤੇਜ਼ ਹਜ਼ਾਰਿਕਾ ਵੀ ਨਾਗਰਿਕਤਾ (ਸੰਸ਼ੋਧਨ) ਬਿੱਲ ਤੋਂ ਬੇਹੱਦ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਇਹ ਬਿੱਲ ਉਨ੍ਹਾਂ ਦੇ ਪਿਤਾ ਭੁਪੇਨ ਹਜ਼ਾਰਿਕਾ ਦੀ ਭਾਵਨਾ ਅਤੇ ਵਿਚਾਰਧਾਰਾ ਦੇ ਖਿਲਾਫ ਹੈ।
ਦੱਸ ਦਈਏ ਕਿ ਭੁਪੇਨ ਹਜ਼ਾਰਿਕਾ ਨੂੰ ਇਸ ਸਾਲ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਨਾਨਾਜੀ ਦੇਸ਼ਮੁਖ ਦੇ ਨਾਲ ਭਾਰਤ ਰਤਨ ਨਾਲ ਸਨਮਾਨਤ ਕਰਨ ਦਾ ਐਲਾਨ ਕੀਤਾ ਸੀ।
ਭਾਰਤ ਰਤਨ ਦੇਸ਼ ਦਾ ਸਭ ਤੋਂ ਵੱਡਾ ਤੇ ਸਨਮਾਨਤ ਨਾਗਰਿਕ ਅਵਾਰਡ ਹੈ। ਸਾਲ 2017 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਸਭ ਤੋਂ ਲੰਬੇ ਬ੍ਰਿਜ ਦਾ ਨਾਂਅ ਵੀ ਭੁਪੇਨ ਹਜ਼ਾਰਿਕਾ ਦੇ ਨਾਂਅ 'ਤੇ ਰੱਖਿਆ, ਜੋ ਅਸਮ 'ਚ ਬ੍ਰਹਮਪੁੱਤਰ ਨਦੀ 'ਤੇ 9.15 ਕਿਲੋਮੀਟਰਲ ਲੰਬਾ ਹੈ।
ਤੇਜ਼ ਹਜ਼ਾਰਿਕਾ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਮੈਨੂੰ ਅਜੇ ਤੱਕ ਭਾਰਤ ਰਤਨ ਸਨਮਾਨ ਸਬੰਧੀ ਕੋਈ ਸੱਦਾ ਨਹੀਂ ਮਿਲਿਆ ਹੈ, ਤਾਂ ਇਸ 'ਚ ਅਸਵੀਕਾਰ ਕਰਨ ਵਾਲੀ ਕੋਈ ਗੱਲ ਨਹੀਂ ਹੈ। ਦੂਜੀ ਗੱਲ, ਕੇਂਦਰ ਸਰਕਾਰ ਨੇ ਇਸ ਸਨਮਾਨ ਨੂੰ ਦੇਣ 'ਚ ਜਿਹੜੀ ਜਲਦਬਾਜ਼ੀ ਵਿਖਾਈ ਹੈ ਅਤੇ ਜਿਹੜਾ ਸਮਾਂ ਚੁਣਿਆ ਗਿਆ ਹੈ ਉਹ ਸਿਰਫ ਪ੍ਰਸਿੱਧੀ ਦਾ ਸਸਤਾ ਤਰੀਕਾ ਹੈ।
ਦਰਅਸਲ, ਨਾਗਰਿਕਤਾ (ਸੰਸ਼ੋਧਨ) ਬਿੱਲ 2016 ਅੱਜ ਯਾਨਿ ਮੰਗਲਵਾਰ ਨੂੰ ਰਾਜ ਸਭਾ 'ਚ ਪੇਸ਼ ਕੀਤਾ ਜਾਣਾ ਹੈ। ਲੋਕ ਸਭਾ 'ਚ ਇਹ ਬਿੱਲ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ। ਰਾਜ ਸਭਾ 'ਚ ਸਰਕਾਰ ਕੋਲ ਬਹੁਮਤ ਨਾ ਹੋਣ ਕਾਰਨ ਬਿੱਲ ਨੂੰ ਪਾਸ ਕਰਵਾਉਣਾ ਮੁਸ਼ਕਲ ਹੋ ਸਕਦਾ ਹੈ। ਨੋਰਥ-ਈਸਟ 'ਚ ਇਸ ਬਿੱਲ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ।