ਬਠਿੰਡਾ : ਮਦਰਜ਼ ਡੇਅ ਮਾਂ ਦੇ ਕਿਰਦਾਰ ਨੂੰ ਸਮਰਪਿਤ ਇੱਕ ਖ਼ਾਸ ਦਿਹਾੜਾ ਹੈ। ਇਸ ਦੀ ਸ਼ੁਰੂਆਤ ਸਾਲ 1908 ਵਿੱਚ ਅੰਨਾ ਜਾਰਵਿਸ ਨੇ ਕੀਤੀ ਸੀ। ਉਨ੍ਹਾਂ ਨੇ ਆਪਣੀ ਮਰਹੂਮ ਮਾਂ ਵੈਸਟ ਵਰਜੀਨੀਆ ਦੀ ਯਾਦ ਵਿੱਚ ਇਸ ਦਿਨ ਨੂੰ ਸਮਰਪਿਤ ਕੀਤਾ ਸੀ। ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਦਰਸ ਡੇ ਮਨਾਇਆ ਜਾਂਦਾ ਹੈ।
ਜਿਥੇ ਦੁਨੀਆ ਭਰ ਵਿੱਚ ਇਸ ਦਿਨ ਮਾਂ ਦੀ ਮਮਤਾ ਨੂੰ ਸ਼ਰਧਾ ਭਾਵ ਨਾਲ ਪੂਜਿਆ ਜਾਂਦਾ ਹੈ ,ਉਥੇ ਹੀ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਕਿ ਆਪਣੇ ਨਿੱਜੀ ਕਾਰਨਾਂ ਕਰਕੇ ਬਜ਼ੁਰਗ ਮਾਂ-ਪਿਉ ਨੂੰ ਬੇਸਹਾਰਾ ਛੱਡ ਦਿੰਦੇ ਹਨ ਤੇ ਫਿਰ ਮਾਪਿਆਂ ਨੂੰ ਬਿਰਧ ਆਸ਼ਰਮਾਂ ਦਾ ਸਹਾਰਾ ਲੈਣਾ ਪੈਂਦਾ ਹੈ।
ਈਟੀਵੀ ਭਾਰਤ ਦੀ ਟੀਮ ਨੇ ਇੱਕ ਬਿਰਧ ਆਸ਼ਰਮ ਦੇ ਵਿੱਚ ਪੀੜਤ ਬਜ਼ੁਰਗ ਮਾਵਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ।
ਕਮਲਾ ਰਾਣੀ ਨਾਂ ਦੀ ਇਹ ਬਜ਼ੁਰਗ ਮਹਿਲਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਇੱਕ ਬਿਰਧ ਆਸ਼ਰਮ ਦੇ ਵਿੱਚ ਰਹਿ ਰਹੀ ਹੈ। ਇਨ੍ਹਾਂ ਦੇ ਪਰਿਵਾਰ ਵਿੱਚ ਹੁਣ ਕੋਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੋ ਬੱਚੇ ਆਪਣੇ ਮਾਂ ਪਿਓ ਨੂੰ ਬੁਢਾਪੇ ਦੇ ਵਿੱਚ ਬੇਸਹਾਰਾ ਛੱਡ ਦਿੰਦੇ ਹਨ ਇਹ ਸਹੀ ਨਹੀਂ ਹੈ ਉਨ੍ਹਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ।
ਇੱਕ ਦੂਜੇ ਨਾਲ ਦੁੱਖ ਵੰਡਾਉਂਦੀਆਂ ਇਹ ਬਜ਼ੁਰਗ ਮਹਿਲਾਵਾਂ ਆਸ਼ਰਮ ਦੇ ਵਿੱਚ ਹੀ ਆਪਣਾ ਜੀਵਨ ਕੱਟੀ ਰਹੀਆਂ ਹਨ। ਪਰ ਫਿਰ ਵੀ ਆਪਣੇ ਦੁੱਖ ਨੂੰ ਜ਼ਾਹਰ ਕਰਨ ਤੋਂ ਗੁਰੇਜ਼ ਕਰਦੀਆਂ ਹਨ। ਇਹ ਮਾਂਵਾਂ ਦੀ ਮਮਤਾ ਹੀ ਹੈ ਕਿ ਉਹ ਆਪਣੇ ਬੱਚਿਆਂ ਤੋਂ ਦੁੱਖ ਮਿਲਣ ਦੇ ਬਾਵਜੂਦ ਵੀ ਸਦਾ ਉਨ੍ਹਾਂ ਦੀ ਖੈਰ ਮੰਗਦੀਆਂ ਹਨ ਤੇ ਨੱਚਦੀਆਂ-ਗਾਉਂਦੀਆਂ ਖੁਸ਼ੀ ਦੇ ਮਾਹੌਲ ਨੂੰ ਬਣਾਉਣ ਲਈ ਹਰ ਮੁਕੰਮਲ ਕੋਸ਼ਿਸ਼ ਕਰਦੀਆਂ ਹਨ।