ਨਵੀਂ ਦਿੱਲੀ: ਗੁਰਸੇਵਕ ਸਿੰਘ ਬਬਲਾ ਖਿਲਾਫ਼ ਦਿੱਲੀ ਦੀ ਪਟਿਆਲਾ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹੋਏ ਸਨ। ਬਬਲਾ 30 ਤੋਂ ਜ਼ਿਆਦਾ ਕਤਲਾਂ ਵਿਚ ਲੋੜੀਂਦਾ ਸੀ। ਵਧੀਕ ਕਮਿਸ਼ਨਰ ਏਕੇ ਸਿੰਗਲਾ ਅਨੁਸਾਰ ਬਬਲਾ 'ਤੇ ਡੀਸੀਪੀ ਭੀਸ਼ਮ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਖੰਡੂਰੀ ਨੇ ਨਜ਼ਰ ਰੱਖੀ ਹੋਈ ਸੀ। ਜਾਂਚ ਕਰਨ 'ਤੇ ਬਬਲਾ ਦੀਆਂ ਤਾਰਾਂ ਤਿਹਾੜ ਵਿਚ ਬੈਠੇ ਕੁਝ ਖਤਰਨਾਕ ਮੁਜ਼ਰਮਾਂ ਨਾਲ ਮਿਲਦੀਆਂ ਸਨ, ਜਿਸ ਕਰਕੇ ਬਬਲਾ ਪੁਲਿਸ ਦੇ ਤਕਨੀਕੀ ਜਾਲ ਵਿਚ ਫਸ ਗਿਆ। ਪੁਲਿਸ ਨੇ 12 ਮਾਰਚ ਨੂੰ ਬਬਲੇ ਨੂੰ ਦਿੱਲੀ ਦੇਅੰਤਰ ਰਾਜੀ ਬਸ ਅੱਡੇ ਤੋਂ ਪੁਲਿਸ ਨੇ ਫੜ ਲਿਆ।
1982 'ਚ ਭਿੰਡਰਾਂਵਾਲੇ ਦਾ ਸਾਥੀ ਵੀ ਰਿਹਾ
ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਬਬਲਾ ਨੇ ਮੰਨਿਆ ਕਿ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ। ਉਸਦਾ ਭਰਾ ਸਵਰਨ ਸਿੰਘ 1982 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਜੁੜ ਗਿਆ ਸੀ ਤੇ 1982 'ਚ ਬਬਲਾ ਵੀ ਖਾਲਿਸਤਾਨੀ ਖਾੜਕੂਵਾਦ ਵਿਚ ਸ਼ਾਮਿਲ ਹੋ ਗਿਆ ਸੀ। 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦਖ਼ਾਲਿਸਤਾਨ ਕਮਾਂਡੋ ਫੋਰਸ ਬਣਾਈ ਗਈ ਤੇ ਦਰਜਣਾਂ ਦੇ ਹਿਸਾਬ ਨਾਲ ਕਤਲਾਂ, ਡਕੈਤੀਆਂ ਨੂੰ ਅੰਜਾਮ ਦਿੱਤਾ ਗਿਆ।
ਪੁਲਿਸ ਅਨੁਸਾਰ ਬਬਲਾ ਨੇ ਇਹ ਵੀ ਦੱਸਿਆ ਕਿ ਉਸਨੇ 1984 ਵਿਚ ਆਪਣੇ ਸਾਥੀਆਂ ਲਾਭ ਸਿੰਘ, ਗੁਰਿੰਦਰ ਸਿੰਘ ਤੇ ਸਵਰਨਜੀਤ ਸਿੰਘ ਨਾਲ ਰਲ੍ਹਕੇ ਹਿੰਦ ਸਮਾਚਾਰ ਦੇ ਸੰਪਾਦਕ ਰਮੇਸ਼ ਚੰਦਰ ਦਾ ਵੀ ਕਤਲ ਕੀਤਾ ਸੀ। ਜਿਸ ਤੋਂ ਬਾਅਦ 1984 ਦੇ ਅੰਤ ਵਿਚ ਉਹ ਪੁਲਿਸ ਹੱਥ ਲੱਗ ਗਿਆ ਸੀ, ਪਰ 1985 ਵਿੱਚ ਉਹ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ।
ਅੱਠ ਪੁਲਿਸ ਵਾਲਿਆਂ ਦਾ ਇਕੋ ਵਾਰ 'ਚ ਕਤਲ
ਸੰਨ 1986 ਵਿਚ ਬਬਲਾ ਨੇ ਹੀ ਪੰਜਾਬ ਦੇ ਸਾਬਕਾ ਡੀਜੀਪੀ ਜੂਲੀਓ ਰਿਬੈਰੋ ਦੇ ਘਰ 'ਤੇ ਹਮਲਾ ਵੀ ਕੀਤਾ ਸੀ। ਕਮਾਂਡੋ ਫੋਰਸ ਦੇ ਆਗੂ ਬਣੇ ਮੁੱਖੀ ਲਾਭ ਸਿੰਘ ਨੂੰ ਪੁਲਿਸ ਦੀ ਹਿਰਾਸਤ ਵਿਚ ਫਰਾਰ ਕਰਵਾਉਣ ਲਈ ਬਬਲਾ ਨੇ ਇਕ ਹਮਲੇ ਵਿੱਚ 8 ਪੁਲਿਸ ਵਾਲਿਆਂ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਉਸੇ ਹੀ ਸਾਲ ਵਿਚ ਫੇਰ ਤੋਂ ਹਿਰਾਸਤ ਵਿਚ ਲੈ ਲਿਆ ਸੀ, ਪਰ ਉਹ ਮੁੜ ਫਰਾਰ ਹੋ ਗਿਆ ਸੀ। ਬਬਲਾ ਉੱਪਰ ਪੁਲਿਸ ਥਾਣੇ ਤੇ ਹਮਲਾ ਕਰਕੇ 6 ਕਾਰਬਾਈਨਾਂ ਤੇ 16 ਰਾਇਫਲਾਂ ਸਮੇਤ ਹੋਰ ਅਸਲਾ ਬਾਰੂਦ ਲੁੱਟਣ ਦਾ ਵੀ ਇਲਜ਼ਾਮ ਹੈ। ਪੁਲਿਸ ਨੇ ਉਸ ਨੂੰ ਫੜ੍ਹ ਲਿਆ ਸੀ, ਜਿਸ ਤੋਂ ਬਾਅਦ ਉਹ 18 ਸਾਲ ਤੱਕ(2004 ਤੱਕ) ਤਿਹਾੜ ਜੇਲ ਵਿਚ ਬੰਦ ਰਿਹਾ।
ਤਿਹਾੜ ਜੇਲ ਵਿਚ ਰਹਿੰਦੇ ਰਚੀ ਹਮਲੇ ਦੀ ਸਾਜਿਸ਼
ਤਿਹਾੜ ਜੇਲ ਵਿਚ ਹਿਰਾਸਤ ਦੇ ਦੌਰਾਨ ਹੀ ਬਬਲਾ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰ ਦਿੱਲੀ ਵਿਚ ਵੱਡੇ ਹਮਲੇ ਦੀ ਤਿਆਰੀ ਵਿਚ ਸੀ, ਪਰ ਪੁਲਿਸ ਨੇ ਇਸਦੇ ਨਾਲ ਦੇ ਦੋ ਅਤਿਵਾਦੀਆਂ ਨੂੰ ਪਹਿਲਾਂ ਹੀ ਫੜ੍ਹ ਲਿਆ ਸੀ, ਜਿਸ ਕਰਕੇ ਬਬਲੇ ਦੀ ਨਾਪਾਕ ਸਾਜਿਸ਼ ਨਾਕਾਮ ਰਹੀ।
ਜ਼ਿਕਰਯੋਗ ਹੈ ਕਿ 2004 ਵਿਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਪੇਸ਼ੀ ਦੌਰਾਨ ਬਬਲਾ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ। ਬਬਲੇ ਨੂੰ 2010 ਤੋਂ ਇਲਾਵਾ 2017 ਵਿਚ ਵੀ ਕ੍ਰਾਇਮ ਬਰਾਂਚ ਨੇ ਹਿਰਾਸਤ ਵਿਚ ਲਿਆ ਸੀ।