ਆਈਜ਼ੋਲ: ਕੋਰੋਨਾ ਵਾਇਰਸ ਨੂੰ ਰੋਕਣ ਦੇ ਮੱਦੇਨਜ਼ਰ ਗੁਆਂਢੀ ਰਾਜਾਂ ਨਾਲ ਲੱਗਦੀ ਆਪਣੀ ਸਰਹੱਦ ਨੂੰ ਸੀਲ ਕਰਨ ਦੇ ਇੱਕ ਮਹੀਨੇ ਬਾਅਦ ਮਿਜ਼ੋਰਮ ਸਰਕਾਰ ਨੇ ਤ੍ਰਿਪੁਰਾ ਤੋਂ ਮਾਲ ਦੀ ਆਵਾਜਾਈ ਦੀ ਆਗਿਆ ਦੇਣ ਲਈ ਇੱਕ ਐਂਟਰੀ ਪੁਆਇੰਟ ਖੋਲ੍ਹਣ ਦਾ ਫੈਸਲਾ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਰਾਜ ਸਰਕਾਰ ਮਮਿਤ ਜ਼ਿਲੇ ਵਿੱਚ ਮਿਜ਼ੋਰਮ-ਤ੍ਰਿਪੁਰਾ ਸਰਹੱਦ 'ਤੇ ਜਲਦੀ ਹੀ ਇੱਕ ਮੈਡੀਕਲ ਟੀਮ ਦੀ ਤਾਇਨਾਤੀ ਅਤੇ ਉਥੇ ਕੀਟਾਣੂਨਾਸ਼ਕ ਸਹੂਲਤਾਂ ਲਾਉਣ ਤੋਂ ਬਾਅਦ ਚੈੱਕ ਪੁਆਇੰਟ ਖੋਲ੍ਹੇਗੀ।
ਮਮਿਤ ਜ਼ਿਲ੍ਹੇ ਦੇ ਡੀਸੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤ੍ਰਿਪੁਰਾ ਨਾਲ ਲੱਗਦੀ ਰਾਜ ਦੀ ਸਰਹੱਦ ਕਾਨ੍ਹਮੂਨ ਵਿਖੇ ਦੋਵਾਂ ਜ਼ਰੂਰੀ ਅਤੇ ਗੈਰ-ਜ਼ਰੂਰੀ ਚੀਜ਼ਾਂ ਵਾਲੇ ਵਾਹਨਾਂ ਲਈ ਖੋਲ੍ਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮ ਅਤੇ ਕੀਟਾਣੂਨਾਸ਼ਕ ਚੈਂਬਰ ਦੀ ਸਥਾਪਨਾ ਤੋਂ ਬਾਅਦ ਹੀ ਸਰਹੱਦ ਖੋਲ੍ਹੀ ਜਾਵੇਗੀ।
ਇਹ ਵੀ ਪੜ੍ਹੋ: ਕੋਵਿਡ-19: ਭਾਰਤ 'ਚ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ, 24 ਘੰਟਿਆਂ 'ਚ 83 ਮੌਤਾਂ
ਜਾਣਕਾਰੀ ਲਈ ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੇ 17 ਮਈ ਤੱਕ ਲੌਕਡਾਊਨ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਇਹ ਹਿਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਗ੍ਰੀਨ ਅਤੇ ਔਰੇਂਜ ਜ਼ੋਨ ਇਲਾਕਿਆਂ ਵਿੱਚ ਖੁੱਲ੍ਹ ਦਿੱਤੀ ਜਾ ਸਕਦੀ ਹੈ।