ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਅਤੇ ਸਾਬਕਾ ਨੇਵੀ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਅੱਜ ਕੌਂਸਲਰ ਐਕਸੈੱਸ ਦਿੱਤਾ ਗਿਆ। ਪਾਕਿਸਤਾਨ ਵਿੱਚ ਤੈਨਾਤ ਭਾਰਤੀ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਸੋਮਵਾਰ ਨੂੰ ਕੁਲਭੂਸ਼ਣ ਯਾਧਵ ਨਾਲ ਮੁਲਾਕਾਤ ਕੀਤੀ। ਖ਼ਬਰਾਂ ਅਨੁਸਾਰ ਇਹ ਬੈਠਕ ਤਕਰੀਬਨ ਦੋ ਘੰਟੇ ਚੱਲੀ।
ਇਸ ਮੁਲਾਕਾਤ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੇ ਅੱਜ ਇਸਲਾਮਾਬਾਦ ਵਿੱਚ ਕੁਲਭੂਸ਼ਣ ਨਾਲ ਮੁਲਾਕਾਤ ਕੀਤੀ। ਹਾਲਾਂਕਿ, ਅਸੀਂ ਅਜੇ ਵੀ ਵਿਸਥਾਰਤ ਰਿਪੋਰਟ ਦੀ ਉਡੀਕ ਕਰ ਰਹੇ ਹਾਂ ਪਰ ਇਹ ਪਹਿਲਾਂ ਹੀ ਸਪੱਸ਼ਟ ਸੀ ਕਿ ਉਹ ਬਹੁਤ ਦਬਾਅ ਹੇਠ ਹੋਣਗੇ ਅਤੇ ਇਸ ਦੇ ਕਾਰਨ, ਪਾਕਿਸਤਾਨ ਝੂਠੇ ਦਾਅਵੇ ਅਨੁਸਾਰ ਹੀ ਬੋਲੇਗਾ।"
ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਕੁਲਭੂਸ਼ਣ ਜਾਧਵ ਤੇ ਪਾਕਿਸਤਾਨ ਦੇ ਝੂਠੇ ਦਾਅਵੇ ਮੰਨਣ ਦਾ ਦਬਾਅ ਹੈ। ਜਾਣਕਾਰੀ ਮੁਤਾਬਕ ਵਿਦੇਸ਼ ਮੰਤਰਾਲੇ ਨੇ ਕੁਲਭੂਸ਼ਣ ਜਾਧਵ ਨਾਲ ਸੋਮਵਾਰ ਨੂੰ ਹੋਈ ਗੱਲਬਾਤ ਬਾਰੇ ਉਸ ਦੀ ਮਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਅੰਤਰਰਾਸ਼ਟਰੀ ਅਦਾਲਤ ਤੋਂ ਸਜ਼ਾ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਭਾਰਤ ਦੀ ਅਪੀਲ ਤੇ ਸੁਣਵਾਈ ਕਰਦਿਆਂ ਆਈਸੀਜੇ ਨੇ 17 ਜੁਲਾਈ ਨੂੰ ਜਾਧਵ ਦੀ ਸਜ਼ਾ 'ਤੇ ਰੋਕ ਲਗਾਉਂਦੇ ਹੋਏ ਪਾਕਿਸਤਾਨ ਤੋਂ ਇਸ ਦੀ ਸਮੀਖਿਆ ਕਰਨ ਅਤੇ ਜਾਧਵ ਨੂੰ ਕੌਂਸਲਰ ਐਕਸੈੱਸ ਉਪਲੱਬਧ ਕਰਵਾਉਣ ਦੇ ਹੁਕਮ ਦਿੱਤੇ ਸਨ।