ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਪਟਨਾ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਵੱਖ-ਵੱਖ ਪਾਰਟੀਆਂ ਦੇ ਨੇਤਾ ਚੋਣ ਪ੍ਰਚਾਰ ਲਈ ਵਿਧਾਨ ਸਭਾ ਖੇਤਰ ਵਿੱਚ ਆ ਰਹੇ ਹਨ।
ਅੱਜ ਦਿਨ ਸਨਿਚਰਵਾਰ ਨੂੰ ਪਟਨਾ ਹਵਾਈ ਅੱਡੇ ਤੋਂ 6 ਤੋਂ ਜ਼ਿਆਦਾ ਹੈਲੀਕਾਪਟਰਾਂ ਰਾਹੀਂ ਨੇਤਾ ਚੋਣ ਪ੍ਰਚਾਰ ਲਈ ਨਿਕਲੇ ਸਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਨੀਤੀਸ਼ ਕੁਮਾਰ ਤੋਂ ਲੈ ਕੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਸ਼ਾਮਲ ਹਨ।
ਜਮੁਈ ਤੋਂ ਚੋਣ ਪ੍ਰਚਾਰ ਕਰ ਕੇ ਤੋਂ ਵਾਪਸ ਆ ਰਹੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਹੈਲੀਕਾਪਟਰ ਅੱਜ ਪਟਨਾ ਹਵਾਈ ਅੱਡੇ ਉੱਤੇ ਹਾਦਸਾਗ੍ਰਸਤ ਹੋ ਗਿਆ। ਉਸ ਹੈਲੀਕਾਪਟਰ ਵਿੱਚ ਸਿਹਤ ਮੰਤਰੀ ਮੰਗਲ ਪਾਂਡੇ ਵੀ ਸਨ। ਹੈਲੀਕਾਪਟਰ ਦੀ ਲੈਂਡਿੰਗ ਦੇ ਸਮੇਂ ਬਣੇ ਸੁਰੱਖਿਆ ਘੇਰ ਦੇ ਉੱਪਰ ਲੱਗੀ ਕੰਢਿਆਲੀ ਤਾਰ ਨਾਲ ਹੈਲੀਕਾਪਟਰ ਦਾ ਪੱਖਾ ਟਕਰਾ ਗਿਆ, ਜਿਸ ਨਾਲ ਹੈਲੀਕਾਪਟਰ ਦਾ ਪੱਖਾ ਨੁਕਸਾਨਿਆ ਗਿਆ ਹੈ।
ਇਸ ਸਬੰਧੀ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਾਦਸਾ ਹੋਇਆ ਜ਼ਰੂਰ ਹੈ, ਪਰ ਇਹ ਸਾਡੇ ਉਤਰਣ ਤੋਂ ਬਾਅਦ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਹਾਦਸੇ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਾਂ ਅਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ, ਬਸ ਹੈਲੀਕਾਪਟਰ ਦੇ ਪੱਖੇ ਨੂੰ ਨੁਕਸਾਨ ਹੋ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੈਲੀਕਾਪਟਰ ਦਾ ਪੱਖਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਹਵਾਈ ਅੱਡਾ ਅਥਾਰਿਟੀ ਨੇ ਇਸ ਬਾਬਤ ਜਾਂਚ ਦੀ ਗੱਲ ਕਹੀ ਹੈ। ਮੌਕੇ ਉੱਤੇ ਪਾਇਲਟ ਨੇ ਸੂਝ-ਬੂਝ ਨਾਲ ਕੰਮ ਲੈਂਦੇ ਹੋਏ ਹੈਲੀਕਾਪਟਰ ਦਾ ਇੰਜਣ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਕੋਈ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ।