ਨਵੀਂ ਦਿੱਲੀ: ਭਾਰਤ ਅਤੇ ਚੀਨ ਨੇ ਸ਼ੁੱਕਰਵਾਰ ਨੂੰ ਪੂਰਬੀ ਲੱਦਾਖ 'ਚ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਨੂੰ ਲੈ ਕੇ ਕੂਟਨੀਤਕ ਗੱਲਬਾਤ ਕੀਤੀ ਅਤੇ ਇੱਕ ਦੂਜੇ ਦੀਆਂ ਸੰਵੇਦਨਸ਼ੀਲਤਾਵਾਂ, ਚਿੰਤਾਵਾਂ ਅਤੇ ਇੱਛਾਵਾਂ ਦਾ ਸਨਮਾਨ ਕਰਦੇ ਹੋਏ ਸ਼ਾਂਤਮਈ ਵਿਚਾਰ ਵਟਾਂਦਰੇ ਰਾਹੀਂ ਆਪਣੇ ਮਤਭੇਦ ਹੱਲ ਕਰਨ 'ਤੇ ਸਹਿਮਤੀ ਪ੍ਰਗਟਾਈ।
ਵਿਡਿਓ ਕਾਨਫ਼ਰੰਸ ਜ਼ਰੀਏ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ (ਪੂਰਬੀ ਏਸ਼ਈਆ) ਨਵੀਨ ਸ੍ਰੀਵਾਸਤਵ ਅਤੇ ਚੀਨੀ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਜਨਰਲ ਵੂ ਜਿਆਨਗਾਓ ਵਿਚਕਾਰ ਗੱਲਬਾਤ ਹੋਈ।
ਵਿਦੇਸ਼ ਮੰਤਰਾਲੇ ਨੇ ਸਿੱਧੇ ਤੌਰ 'ਤੇ ਤਣਾਅ ਦਾ ਹਵਾਲਾ ਦਿੱਤੇ ਬਗੈਰ ਕਿਹਾ ਕਿ ਦੋਵਾਂ ਪੱਖਾਂ ਨੇ ਮੌਜੂਦਾ ਵਿਕਾਸ ਸਮੇਤ ਦੁਵੱਲੇ ਸਬੰਧਾਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਐਮਈਏ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਸਹਿਮਤੀ ਨੂੰ ਯਾਦ ਕੀਤਾ ਕਿ ਭਾਰਤ ਅਤੇ ਚੀਨ ਦਰਮਿਆਨ ਸ਼ਾਂਤਮਈ, ਸਥਿਰ ਅਤੇ ਸੰਤੁਲਿਤ ਸਬੰਧ ਮੌਜੂਦਾ ਵਿਸ਼ਵਵਿਆਪੀ ਸਥਿਤੀ ਵਿੱਚ ਸਥਿਰਤਾ ਲਈ ਸਕਾਰਾਤਮਕ ਕਾਰਕ ਹੋਣਗੇ।"
ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਦੋ ਗੈਰ ਰਸਮੀ ਸੰਮੇਲਨਾਂ ਵਿੱਚ ਲਏ ਗਏ ਫੈਸਲਿਆਂ ਦੇ ਸੰਦਰਭ ਵਿੱਚ ਦੋਵਾਂ ਦੇਸ਼ਾਂ ਨੇ ਆਪਣੀ ਲੀਡਰਸ਼ਿਪ ਦੁਆਰਾ ਦਿੱਤੇ ਗਏ ਮਾਰਗ-ਦਰਸ਼ਨ ਅਨੁਸਾਰ ਮਤਭੇਦ ਸੁਲਝਾਉਣ ਲਈ ਸਹਿਮਤੀ ਦਿੱਤੀ ਹੈ।
ਐਮਈਏ ਨੇ ਕਿਹਾ, "ਦੋਵਾਂ ਧਿਰਾਂ ਨੇ ਸਹਿਮਤੀ ਦਿੱਤੀ ਕਿ ਲੀਡਰਸ਼ਿਪ ਦੁਆਰਾ ਦਿੱਤੀ ਗਈ ਸੇਧ ਦੇ ਅਨੁਸਾਰ ਦੋਵਾਂ ਧਿਰਾਂ ਨੂੰ ਇੱਕ ਦੂਜੇ ਦੀਆਂ ਸੰਵੇਦਨਸ਼ੀਲਤਾਵਾਂ, ਚਿੰਤਾਵਾਂ ਅਤੇ ਆਸ਼ਾਵਾਂ ਦਾ ਸਤਿਕਾਰ ਕਰਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਸ਼ਾਂਤਮਈ ਵਿਚਾਰ ਵਟਾਂਦਰੇ ਰਾਹੀਂ ਆਪਣੇ ਮਤਭੇਦਾਂ ਨੂੰ ਹੱਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵਿਵਾਦਾਂ ਵਿੱਚ ਤਬਦੀਲ ਨਹੀਂ ਹੋਣ ਦੇਣਾ ਚਾਹੀਦਾ।"
ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਦੇ ਚਾਰ ਇਲਾਕਿਆਂ ਵਿੱਚ ਪਿਛਲੇ ਇੱਕ ਮਹੀਨੇ ਤੋਂ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਕਾਰ ਤਣਾਅ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।