ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ 2 ਅਧਿਕਾਰੀਆਂ ਦੇ ਖ਼ਿਲਾਫ਼ ਕੋਰਟ ਮਾਰਸ਼ਲ ਕੀਤਾ ਜਾਵੇਗਾ। Mi17 ਹੈਲੀਕਾਪਟਰ ਕਰੈਸ਼ ਹੋਣ ਦੇ ਮਾਮਲੇ ਵਿੱਚ 6 ਅਧਿਕਾਰੀਆਂ ਵਿਰੁੱਧ ਕਾਰਵਾਈ ਦਾ ਫ਼ੈਸਲਾ ਕੀਤਾ ਗਿਆ ਹੈ। ਦੱਸ ਦਈਏ, 27 ਫਰਵਰੀ ਨੂੰ ਸ੍ਰੀਨਗਰ ਦੇ ਬੜਗਾਮ ਜ਼ਿਲ੍ਹੇ ਵਿੱਚ ਹਵਾਈ ਫ਼ੌਜ ਦੀ ਆਪਣੀ ਹੀ ਮਿਜ਼ਾਇਲ ਨਾਲ Mi17 ਹੈਲੀਕਾਪਟਰ ਕਰੈਸ਼ ਹੋ ਗਿਆ ਸੀ।
ਹਵਾਈ ਫ਼ੌਜ ਦੇ 2 ਅਧਿਕਾਰੀਆਂ ਦੇ ਖ਼ਿਲਾਫ਼ ਕੋਰਟ ਮਾਰਸ਼ਲ ਤੋਂ ਇਲਾਵਾ 4 ਹੋਰ ਅਧਿਕਾਰੀਆਂ ਦੇ ਖ਼ਿਲਾਫ਼ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ 2 ਏਅਰ ਕੋਮੋਡਰਜ਼ ਤੇ 2 ਫਲਾਈਟ ਲੈਫਟੀਨੈਂਟ ਸ਼ਾਮਿਲ ਹਨ। 4 ਅਧਿਕਾਰੀਆਂ 'ਤੇ Mi17 ਹੈਲੀਕਾਪਟਰ ਕਰੈਸ਼ ਹੋਣ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਲਈ ਕਾਰਵਾਈ ਕੀਤੀ ਜਾਵੇਗੀ।
ਸੂਤਰਾਂ ਮੁਤਾਬਿਕ ਰੱਖਿਆ ਸੂਤਰਾਂ ਨੇ ਕਿਹਾ, “ਦੋ ਅਫ਼ਸਰਾਂ ਦਾ ਕੋਰਟ ਮਾਰਸ਼ਲ ਕੀਤਾ ਜਾਵੇਗਾ। ਇਨ੍ਹਾਂ ਵਿੱਚ ਗਰੁੱਪ ਕੈਪਟਨ ਤੇ ਵਿੰਗ ਕਮਾਂਡਰ ਸ਼ਾਮਲ ਹਨ। ਇਹ ਆਪਣੀ ਭੂਮਿਕਾ ਨਿਭਾਉਣ ਵਿੱਚ ਅਸਮਰਥ ਰਹੇ, ਜਿਸ ਕਰਕੇ 6 ਫ਼ੌਜ ਅਧਿਕਾਰੀ ਇੱਕ ਮਿੱਤਰਤਾਪੂਰਣ ਮਿਜ਼ਾਈਲ ਦੀ ਅੱਗ ਵਿਚ ਮਾਰੇ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਜੰਮੂ ਕਸ਼ਮੀਰ ਦੇ ਬੜਗਾਮ ਵਿੱਚ 27 ਫਰਵਰੀ ਨੂੰ ਹੋਏ ਇਸ ਹਾਦਸੇ ਵਿੱਚ ਭਾਰਤੀ ਹਵਾਈ ਫ਼ੌਜ ਦੇ 6 ਜਵਾਨ ਤੇ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ।
ਬਾਲਾਕੋਟ ਏਅਰ ਸਟ੍ਰਾਇਕ ਦੇ ਅਗਲੇ ਦਿਨ ਪਾਕਿ ਜਹਾਜ਼ ਭਾਰਤੀ ਸਰਹੱਦ ਦੇ ਅੰਦਰ ਆ ਗਿਆ ਸੀ। ਦੋਹਾਂ ਪਾਸਿਓਂ ਸੰਘਰਸ਼ ਦੌਰਾਨ ਭਾਰਤੀ ਫ਼ੌਜ ਦਾ ਐੱਮਆਈ17 ਹੈਲੀਕਾਪਟਰ ਵੀ ਸ੍ਰੀਨਗਰ ਬੜਗਾਮ ਇਲਾਕੇ ਵਿੱਚ ਡਿੱਗ ਗਿਆ ਸੀ। ਹਾਦਸੇ ਦੀ ਜਾਂਚ ਪਤਾ ਲੱਗਾ ਸੀ ਕਿ ਹੈਲੀਕਾਪਟਰ ਨੂੰ ਭਾਰਤੀ ਹਵਾਈ ਫ਼ੌਜ ਦੇ ਸ੍ਰੀਨਗਰ ਏਅਰਬਸ ਤੋਂ ਸਪਾਇਡਰ ਏਅਰ ਡਿਫ਼ੈਂਸ ਮਿਜ਼ਾਇਲ ਸਿਸਟਮ ਦੇ ਰਾਹੀਂ ਨਿਸ਼ਾਨਾ ਬਣਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਰਕੇਸ਼ ਕੁਮਾਰ ਸਿੰਘ ਭਦੌਰੀਆਂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਹਵਾਈ ਸੰਘਰਸ਼ ਦੌਰਾਨ ਆਪਣੀ ਹੀ ਐੱਮਆਈ17 ਹੈਲੀਕਾਪਟਰ ਨੂੰ ਤਬਾਹ ਕਰ ਦੇਣ ਸਾਡੀ ਬਹੁਤ ਵੱਡੀ ਗ਼ਲਤੀ ਸੀ। ਉਨ੍ਹਾਂ ਕਿਹਾ ਕਿ ਅਜਿਹੀ ਗਲਤੀ ਭਵਿੱਖ ਵਿੱਚ ਫਿਰ ਕਦੇ ਨਹੀਂ ਹੋਵੇਗੀ।