ਨਵੀਂ ਦਿੱਲੀ: ਪਾਕਿਸਤਾਨ ਨੇ ਗਲੋਬਲ ਅੱਤਵਾਦੀ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਗੁਪਤ ਤੌਰ 'ਤੇ ਜੇਲ੍ਹ ਵਿੱਚੇ ਰਿਹਾਅ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕੀਤਾ ਹੋਇਆ ਹੈ। ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਸੀ ਜਿਸ ਵਿੱਚ ਸੀ.ਆਰ.ਪੀ.ਐਫ. ਦੇ 40 ਜਵਾਨ ਸ਼ਹੀਦ ਹੋਏ ਸਨ।
ਇਸ ਦੇ ਨਾਲ਼ ਹੀ ਭਾਰਤ ਸਰਕਾਰ ਨੂੰ ਖ਼ੁਫ਼ੀਆ ਬਿਊਰੋ (IB) ਨੇ ਚੌਕਸ ਕੀਤਾ ਹੈ ਕਿ ਪਾਕਿਸਤਾਨੀ ਫ਼ੌਜਾਂ ਰਾਜਸਥਾਨ ਨੇੜੇ ਭਾਰਤ–ਪਾਕਿਸਤਾਨ ਸਰਹੱਦ ਨੇੜੇ ਇਕੱਠੀਆਂ ਹੋ ਰਹੀਆਂ ਹਨ। ਬਿਊਰੋ ਦਾ ਮੰਨਣਾ ਹੈ ਕਿ ਪਾਕਿਸਤਾਨ ਵੱਲੋਂ ਕਿਸੇ ਵੱਡੀ ਕਾਰਵਾਈ ਦੀ ਯੋਜਨਾ ਹੈ।
ਇਹ ਵੀ ਪੜੋ: ਸੁਖਪਾਲ ਖਹਿਰਾ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ
ਖ਼ੁਫ਼ੀਆ ਸੂਤਰਾਂ ਮੁਤਾਬਕ ਪਾਕਿਸਤਾਨ ਵੱਲੋਂ ਆਉਂਦੇ ਕੁਝ ਦਿਨਾਂ ਦੌਰਾਨ ਸਿਆਲਕੋਟ–ਜੰਮੂ ਅਤੇ ਰਾਜਸਥਾਨ ਸੈਕਟਰਾਂ ਵਿੱਚ ਕੋਈ ਵੱਡੀ ਕਾਰਵਾਈ ਕਰਨ ਦੀ ਯੋਜਨਾ ਹੈ। ਅਜਿਹਾ ਉਹ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦਾ ਖ਼ਾਤਮਾ ਕੀਤੇ ਜਾਣ ਦੇ ਵਿਰੋਧ ਵਿੱਚ ਕਰ ਰਿਹਾ ਹੈ।
ਇਸ ਖ਼ੁਫ਼ੀਆ ਜਾਣਕਾਰੀ ਬਾਰੇ ਸੀਮਾ ਸੁਰੱਖਿਆ ਬਲ (BSF) ਅਤੇ ਜੰਮੂ ਅਤੇ ਰਾਜਸਥਾਨ ’ਚ ਤਾਇਨਾਤ ਫ਼ੌਜੀ ਬਟਾਲੀਅਨਾਂ ਨੂੰ ਵੀ ਸਾਵਧਾਨ ਕਰ ਦਿੱਤਾ ਗਿਆ ਹੈ। ਹੁਣ ਅਗਲੇ ਦਿਨਾਂ ਦੌਰਾਨ ਪਾਕਿਸਤਾਨੀ ਫ਼ੌਜ ਕੋਈ ਵੀ ਕਾਰਵਾਈ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਧਮਕੀ ਦਿੱਤੀ ਸੀ ਕਿ ਜੰਮੂ–ਕਸ਼ਮੀਰ ’ਚ ਭਾਰਤ ਦੀਆਂ ਕਾਰਵਾਈਆਂ ਦਾ ਹਰ ਸੰਭਵ ਜਵਾਬ ਦਿੱਤਾ ਜਾਵੇਗਾ।