ਚੰਡੀਗੜ੍ਹ: ਪ੍ਰੈਸ ਕਾਊਂਸਲ ਆਫ ਇੰਡੀਆ ਦੇ ਸਾਬਕਾ ਚੇਅਰਮੈਨ ਅਤੇ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਪੂਰੇ ਭਾਰਤ ਨੂੰ ਖਾਲਿਸਤਾਨ ਬਨਾਉਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਵੇਖਦੇ ਹੋਏ ਇੱਕ ਅਨਿੱਖੜਵਾਂ ਭਾਰਤ ਚਾਹੁੰਦਾ ਹਾਂ ਜਿਸ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਮੌਜੂਦਾ ਭਾਰਤ ਵਿੱਚ ਮਿਲ ਜਾਣ ਤੇ ਅਖੰਡ ਭਾਰਤ ਦਾ ਨਾਂਅ ਖ਼ਾਲਿਸਤਾਨ ਹੋਵੇ।
ਸਿੱਖਾਂ ਦੇ ਸਿੱਖ ਬਣੋ
ਮਾਰਕੰਡੇ ਕਾਟਜੂ ਨੇ ਦੁਨੀਆਂ ਵਿੱਚ ਕਿਤੇ ਵੀ ਮੁਸੀਬਤ ਆਉਣ 'ਤੇ ਸਿੱਖਾਂ ਵੱਲੋਂ ਕੀਤੀ ਜਾਂਦੀ ਮਦਦ ਦੀ ਵੀ ਤਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ 'ਸ਼ਿਸ਼ਯ' ਤੋਂ ਲਿਆ ਗਿਆ ਹੈ। ਕਾਟਜੂ ਨੇ ਕਿਹਾ ਕਿ ਦੂਜਿਆਂ ਦੀ ਸੇਵਾ ਅਤੇ ਸਿੱਖੀ ਵਿੱਚ ਕੁਰਬਾਨੀ ਦੀ ਭਾਵਨਾ ਵਿਸ਼ਵ ਦੇ ਕਿਸੇ ਵੀ ਸੰਸਥਾ ਵਿੱਚ ਨਹੀਂ ਹੈ। ਉਨ੍ਹਾਂ ਨੇ ਬਿਹਾਰ ਵਿੱਚ ਆਏ ਹੜ੍ਹ ਦੌਰਾਨ ਸਿੱਖਾਂ ਵੱਲੋਂ ਕੀਤੀ ਗਈ ਮਦਦ ਦੀ ਗੱਲ ਵੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਸਾਰੇ ਭਾਰਤੀ ਇਸ ਭਾਵਨਾ ਨੂੰ ਨਹੀਂ ਅਪਣਾਉਂਦੇ ਉਦੋਂ ਤੱਕ ਭਾਰਤ ਕਦੇ ਵੀ ਇੱਕ ਮਹਾਨ ਰਾਸ਼ਟਰ ਵਜੋਂ ਨਹੀਂ ਉੱਭਰ ਸਕਦਾ। ਇਸ ਲਈ ਸਾਰੇ ਭਾਰਤੀਆਂ ਨੂੰ ਮੇਰੀ ਅਪੀਲ ਹੈ, ਸਿੱਖਾਂ ਦੇ ਸਿੱਖ ਬਣੋ।
ਹਰ ਇੱਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ
ਕਾਟਜੂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਯੂਐਸਏ ਅਤੇ ਕੈਨੇਡਾ ਵਿੱਚ ਵਸੇ ਸਿੱਖਾਂ ਵਿਚੋਂ 80 ਫ਼ੀਸਦੀ ਸਿੱਖ 1980 ਦੇ ਦਹਾਕੇ ਵਿੱਚ ਇੱਥੇ ਆਏ ਸਨ, ਜਦੋਂ ਪੰਜਾਬ ਵਿੱਚ ਖਾਲਿਸਤਾਨ ਲਹਿਰ ਬਹੁਤ ਮਜ਼ਬੂਤ ਸੀ, ਉਸ ਸਮੇਂ ਸਿੱਖਾ 'ਤੇ ਝੂਠੇ ਪਰਚੇ ਕਰ ਉਨ੍ਹਾਂ ਨੂੰ ਮਾਰਿਆ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਖ਼ਾਲਿਸਤਾਨ ਦਾ ਨਾਅਰਾ ਲਾਉਣਾ ਕੋਈ ਗੁਨਾਹ ਨਹੀਂ ਹੈ। ਸੰਵਿਧਾਨ ਦੀ ਧਾਰਾ 19 (1ਏ) ਤਹਿਤ ਹਰ ਇੱਕ ਨੂੰ ਆਪਣੀ ਆਵਾਜ਼ ਚੁੱਕਣ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਲਈ ਕਸ਼ਮੀਰੀਆਂ, ਨਕਸਲੀਆਂ ਨੂੰ ਇਸ ਧਾਰਾ ਦੇ ਤਹਿਤ ਆਪਣੀ ਆਵਾਜ਼ ਬੁਲੰਦ ਕਰਨ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਹਿੰਸਾ ਤਾਂ ਹੀ ਹੁੰਦੀ ਹੈ ਜਦੋਂ ਕੋਈ ਕਿਸੇ ਨੂੰ ਉਕਸਾਉਂਦਾ ਹੈ।
ਅਖੰਡ ਭਾਰਤ ਦਾ ਨਾਂਅ ਰੱਖਿਆ ਜਾਵੇ ਖ਼ਾਲਿਸਤਾਨ
ਕਾਟਜੂ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ। ਜੋ ਮੁਸੀਬਤ ਪੈਣ 'ਤੇ ਹਰ ਕਿਸੇ ਦੇ ਨਾਲ ਖੜੇ ਰਹੇ। ਕਾਟਜੂ ਨੇ ਆਪਣੇ ਵਿਚਾਰ ਸਾਹਮਣੇ ਰੱਖਦੇ ਹੋਏ ਇਹ ਗੱਲ ਵੀ ਕਹੀ ਕਿ ਮੈਂ ਇੱਕ ਅਨਿੱਖੜਵਾਂ ਭਾਰਤ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਅਜ਼ਾਦੀ ਦੀ ਵੰਡ ਸਮੇਂ ਭਾਰਤ ਤੋਂ ਅਲਗ ਹੋਏ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਮੌਜੂਦਾ ਭਾਰਤ ਵਿੱਚ ਮਿਲਾ ਕੇ ਅਖੰਡ ਭਾਰਤ ਦਾ ਨਿਰਮਾਣ ਕੀਤਾ ਜਾਵੇ ਜਿਸ ਦਾ ਨਾਂਅ ਖ਼ਾਲਿਸਤਾਨ ਰੱਖਿਆ ਜਾਵੇ।
ਇਹ ਵੀ ਪੜੋ- 70 ਫ਼ੀਸਦੀ ਅਪਾਹਜ ਹੋਣ ਦੇ ਬਾਵਜੂਦ ਜਿੱਤਿਆ ਸੋਨ ਤਮਗਾ