ਲੁਧਿਆਣਾ: ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਹਨ ਅਤੇ ਕਿਸਾਨਾਂ ਦੀ ਇਸ ਵਾਰ ਝੋਨੇ ਦੀ ਫਸਲ ਜਿਸ ਤਰ੍ਹਾਂ ਮੰਡੀ ਦੇ ਵਿੱਚ ਰੁਲੀ ਹੈ,ਉਸ ਤੋਂ ਹੁਣ ਕਿਸਾਨ ਜਾਗਰੂਕ ਹੋਕੇ ਮਲਟੀ ਕਰੋਪਿੰਗ ਭਾਵ ਕਿ ਇੱਕ ਜ਼ਮੀਨ ਤੋਂ ਇੱਕ ਸਮੇਂ ਵਿੱਚ ਕਈ ਫਸਲਾਂ ਲੈਣ ਵੱਲ ਵੱਧ ਰਹੇ ਹਨ। ਇਸ ਨਾਲ ਨਾ ਸਿਰਫ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ ਸਗੋਂ ਕਿਸਾਨ ਵਾਧੂ ਮੁਨਾਫਾ ਵੀ ਕਮਾਉਂਦੇ ਹਨ। ਹਾਲਾਂਕਿ ਜਿੱਥੇ ਜ਼ਮੀਨਾਂ ਘੱਟ ਹਨ ਜਾਂ ਫਿਰ ਜਿੱਥੇ ਪਾਣੀ ਘੱਟ ਹੈ ਉਨ੍ਹਾਂ ਸੂਬਿਆਂ ਦੇ ਵਿੱਚ ਇਹ ਖੇਤੀ ਕਾਫੀ ਸਮੇਂ ਤੋਂ ਚੱਲ ਰਹੀ ਹੈ ਪਰ ਹੁਣ ਪੰਜਾਬ ਦੇ ਵਿੱਚ ਵੀ ਇਸ ਦੇ ਸਫਲ ਪ੍ਰੀਖਣ ਸਾਹਮਣੇ ਆਏ ਹਨ, ਜਿਸ ਦੀ ਵੱਡੀ ਉਦਾਹਰਨ ਲੁਧਿਆਣਾ ਦੇ ਪਿੰਡ ਖੱਟੜਾ ਦੀ ਹੈ।
ਕਈ ਫਸਲਾਂ ਲੈ ਰਿਹਾ ਕਿਸਾਨ
ਇਸ ਪਿੰਡ ਦੇ ਕਿਸਾਨ ਰਵਿੰਦਰ ਸਿੰਘ ਨੇ ਪਹਿਲਾਂ ਝੋਨੇ ਦੀ ਫਸਲ ਦੇ ਵਿੱਚ ਗੰਨਾ ਲਾਇਆ ਅਤੇ ਫਿਰ ਝੋਨਾ ਵੱਢਣ ਤੋਂ ਬਾਅਦ ਹੁਣ ਗੰਨੇ ਦੀ ਫਸਲ ਤਿਆਰ ਹੈ। ਪਹਿਲਾਂ ਜ਼ਮੀਨ ਦੇ ਵਿੱਚ ਬੈਡ ਬਣਾ ਕੇ ਚਰੀ ਬੀਜੀ ਅਤੇ ਫਿਰ ਵੱਟਾਂ ਉੱਤੇ ਗੰਨਾ ਲਾਇਆ ਬਾਅਦ ਵਿੱਚ ਚਰੀ ਵੱਢ ਲਈ ਅਤੇ ਹੁਣ ਗੰਨਾ ਲੱਗਿਆ ਹੋਇਆ ਹੈ ਅਤੇ ਉਸ ਵਿੱਚ ਹੁਣ ਜੋਂ ਬੀਜਣ ਦੀ ਤਿਆਰੀ ਚੱਲ ਰਹੀ।
ਕਿਵੇਂ ਬਚੇਗਾ ਪਾਣੀ ?
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੇਵਾ ਮੁਕਤ ਹੋ ਚੁੱਕੇ ਡਾਕਟਰ ਦਲੇਰ ਅਤੇ ਡਾਕਟਰ ਬਲਵਿੰਦਰ ਨੇ ਦੱਸਿਆ ਕਿ ਜਦੋਂ ਅਸੀਂ ਇੱਕ ਜ਼ਮੀਨ ਦੇ ਵਿੱਚ ਕਈ ਤਰ੍ਹਾਂ ਦੀਆਂ ਫਸਲਾਂ ਲਾਉਂਦੇ ਹਾਂ ਤਾਂ ਸਾਰੀਆਂ ਫਸਲਾਂ ਨੂੰ ਇੱਕ ਸਮੇਂ ਪਾਣੀ ਲਾਉਣ ਦੇ ਨਾਲ ਪੂਰੀ ਫਸਲਾਂ ਨੂੰ ਪਾਣੀ ਮਿਲਦਾ ਹੈ। ਇਸ ਦੇ ਨਾਲ ਹੀ ਜਦੋਂ ਵੱਟਾ ਬਣਾਈਆਂ ਜਾਂਦੀਆਂ ਹਨ ਜਾਂ ਖੇਤ ਵਿੱਚ ਬੈੱਡ ਬਣਾਏ ਜਾਂਦੇ ਹਨ ਤਾਂ ਪਾਣੀ ਜਦੋਂ ਛੱਡਿਆ ਜਾਂਦਾ ਹੈ ਤਾਂ ਘੱਟ ਸਮੇਂ ਦੇ ਵਿੱਚ ਵੱਧ ਪਾਣੀ ਲੱਗਦਾ। ਪਾਣੀ ਹੇਠਾਂ ਤੱਕ ਜਾਂਦਾ ਹੈ ਅਤੇ ਇੱਕ ਫਸਲ ਦੂਜੀ ਫਸਲ ਨੂੰ ਮਦਦ ਕਰਦੀ ਹੈ। ਦੂਜੀ ਫਸਲ ਦੀਆਂ ਜੜਾਂ ਮਜਬੂਤ ਕਰਦੀ ਹੈ, ਇਸ ਨਾਲ ਚੰਗੀ ਫਸਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦੇ ਸਫਲ ਪਰੀਖਣ ਵੀ ਦੇਖੇ ਹਨ।
ਕੱਦੂ ਕਰਨ ਦੀ ਨਹੀਂ ਲੋੜ
ਮਾਹਿਰ ਡਾਕਟਰਾਂ ਨੇ ਕਿਹਾ ਕਿ ਇਸ ਤਕਨੀਕ ਦੇ ਨਾਲ ਤੁਹਾਨੂੰ ਕੱਦੂ ਕਰਨ ਦੀ ਲੋੜ ਨਹੀਂ ਹੈ। ਇੱਕ ਪਾਣੀ ਲਾਉਣ ਤੋਂ ਬਾਅਦ ਦੂਜਾ ਪਾਣੀ ਲਾਉਂਦੇ ਹੀ ਤੁਸੀਂ ਝੋਨਾ ਲਾ ਸਕਦੇ ਹੋ। ਵੱਟਾ ਉੱਤੇ ਹੀ ਜਾਂ ਫਿਰ ਬੈਡ ਬਣਾ ਕੇ ਝੋਨਾ ਲਗਾਇਆ ਜਾ ਸਕਦਾ ਹੈ। ਜਦੋਂ ਕਈ ਫਸਲਾਂ ਇੱਕ ਖੇਤ ਵਿੱਚੋਂ ਲਈਆਂ ਜਾਂਦੀਆਂ ਹਨ ਤਾਂ ਇੱਕ ਫਸਲ ਦਾ ਖਰਚਾ ਨਿਕਲਣ ਦੇ ਨਾਲ ਬਾਕੀ ਜੋ ਫਸਲਾਂ ਹੁੰਦੀਆਂ ਹਨ ਉਹ ਸਿੱਧਾ ਮੁਨਾਫਾ ਦਿੰਦਿਆਂ ਹਨ।
ਲੇਬਰ ਦੀ ਲੋੜ ਪਰ ਮੁਨਾਫਾ ਜ਼ਿਆਦਾ
ਜਦੋਂ ਮਾਹਿਰਾਂ ਨੂੰ ਪੁੱਛਿਆ ਗਿਆ ਕਿ ਇਸ ਨਾਲ ਲੇਬਰ ਜਿਆਦਾ ਲੱਗਦੀ ਹੈ ਤਾਂ ਉਨ੍ਹਾਂ ਕਿਹਾ ਕਿ ਜਿਸ ਕਿਸਾਨ ਨੂੰ ਮੁਨਾਫਾ ਜਿਆਦਾ ਹੁੰਦਾ ਹੈ ਉਸ ਕੋਲ ਲੇਬਰ ਵੀ ਭੱਜ ਕੇ ਆਉਂਦੀ ਹੈ। ਆਮ ਨਾਲੋਂ ਲੇਬਰ ਜ਼ਰੂਰ ਜਿਆਦਾ ਲੱਗਦੀ ਹੈ ਕਿਉਂਕਿ ਜਦੋਂ ਵੱਟਾਂ ਉੱਤੇ ਝੋਨਾ ਲਗਾਇਆ ਜਾਂਦਾ ਹੈ ਜਾਂ ਫਿਰ ਗੰਨਾ ਲਗਾਇਆ ਜਾਂਦਾ ਹੈ ਜਾਂ ਫਿਰ ਕੋਈ ਹੋਰ ਫਸਲ ਲਗਾਈ ਜਾਂਦੀ ਹੈ ਤਾਂ ਉਸ ਨੂੰ ਕੰਬਾਈਨ ਦੇ ਨਾਲ ਜਾਂ ਫਿਰ ਕਿਸੇ ਹੋਰ ਢੰਗ ਦੇ ਨਾਲ ਨਹੀਂ ਵੱਢਿਆ ਜਾ ਸਕਦਾ ਅਤੇ ਉਸ ਲਈ ਲੇਬਰ ਹੀ ਲਗਾਉਣੀ ਪੈਂਦੀ ਹੈ।
ਪਾਣੀ ਦੀ ਹੋਵੇਗੀ ਬਚਤ
ਮਾਹਿਰਾਂ ਨੇ ਅੱਗੇ ਆਖਿਆ ਕਿ ਜੇਕਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਗੱਲ ਕੀਤੀ ਜਾਵੇ ਤਾਂ ਬਾਅਦ ਦੇ ਵਿੱਚ ਕਿਸਾਨਾਂ ਨੂੰ ਇਸ ਦਾ ਫਾਇਦਾ ਹੀ ਹੁੰਦਾ ਹੈ ਨੁਕਸਾਨ ਘੱਟ ਹੁੰਦਾ ਹੈ। ਉੱਥੇ ਹੀ ਜਿਹੜਾ ਪਾਣੀ ਬਚਦਾ ਹੈ ਉਸ ਦਾ ਕੁਦਰਤ ਨੂੰ ਫਾਇਦਾ ਹੁੰਦਾ ਹੈ। ਧਰਤੀ ਹੇਠਲਾ ਪਾਣੀ ਹੋਰ ਜ਼ਿਆਦਾ ਦੇਰ ਤੱਕ ਬਚਿਆ ਰਿਹਾ ਜਾਂਦਾ ਹੈ ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਢੰਗ ਦੇ ਨਾਲ ਫਲੱਡ ਇਰੀਗੇਸ਼ਨ ਦੀ ਸਿਫਾਰਿਸ਼ ਨਹੀਂ ਕਰਦੇ ਅਸੀਂ ਉਸ ਦੇ ਸਖਤ ਖਿਲਾਫ ਹਾਂ, ਇਸ ਕਰਕੇ ਪਾਣੀ ਦੀ ਬਚਤ ਕਰਨਾ ਸਮੇਂ ਦੀ ਲੋੜ ਹੈ ਅਤੇ ਅਜਿਹੀ ਖੇਤੀ ਕਰਨ ਨਾਲ ਕਿਸਾਨ ਨੂੰ ਫਾਇਦੇ ਦੇ ਨਾਲ ਪਾਣੀ ਦੀ ਬਚਤ ਵੀ ਹੁੰਦੀ ਹੈ।